ਅਸ਼ੋਕ ਵਰਮਾ
ਬਠਿੰਡਾ,8 ਅਗਸਤ। ਬਠਿੰਡਾ ਜਿਲੇ ਦੇ ਵੱਖ ਵੱਖ ਪਿੰਡਾਂ ਦੇ ਕਰੀਬ ਦੋ ਦਰਜਨ ਨੌਜਵਾਨਾਂ ਤੋਂ ਨੌਕਰੀਆਂ ਦਿਵਾਉਣ ਦੇ ਨਾਮ ਤੇ 58 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪ੍ਰੀਵਾਰਾਂ ਨੇ ਲੋਕ ਇਨਸਾਫ ਪਾਰਟੀ ਦੇ ਹਲਕਾ ਮੌੜ ਦੇ ਆਗੂ ਐਡਵੋਕੇਟ ਰਵਿੰਦਰ ਸਿੰਘ ਨੂੰ ਨਾਲ ਲੈਕੇ ਮਾਮਲੇ ਦੀ ਸ਼ਕਾਇਤ ਜਿਲਾ ਪੁਲਿਸ ਨੂੰ ਕੀਤੀ ਹੈ ਜਿਸ ਦੀ ਪੜਤਾਲ ਲਈ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਹੈ। ਇੰਨਾਂ ਨੌਜਵਾਨਾਂ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ, ਪੰਜਾਬ ਪੁਲਿਸ ਅਤੇ ਨਹਿਰੀ ਮਹਿਕਮੇ ’ਚ ਨੌਕਰੀ ਦਾ ਝਾਂਸਾ ਦਿੱਤਾ ਗਿਆ ਸੀ ਜਿਸ ’ਚ ਫਸ ਕੇ ਇਹ ਨੌਜਵਾਨ ਸਭ ਕੁੱਝ ਲੁਟਾ ਚੁੱਕੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਨੌਕਰੀ ਦੀ ਉਮੀਦ ’ਚ ਉਨਾਂ ਨੇ ਸਭ ਕੁੱਝ ਦਾਅ ਤੇ ਲਾਅ ਦਿੱਤਾ ਪਰ ਉਨਾਂ ਦੇ ਅਰਮਾਨਾਂ ਤੇ ਪਾਣੀ ਫਿਰ ਗਿਆ ਹੈ।
ਲੋਕ ਇਨਸਾਫ ਪਾਰਟੀ ਦੇ ਆਗੂ ਐਡਵੋਕੇਟ ਰਵਿੰਦਰ ਸਿੰਘ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਦਾ ਸਬੰਧ ਰਾਮਪੁਰਾ,ਮੌੜ ਮੰਡੀ ਅਤੇ ਮੌੜ ਮੰਡੀ ਆਦਿ ਨਾਲ ਹੈ। ਆਗੂ ਨੇ ਖਦਸ਼ਾ ਜਤਾਇਆ ਹੈ ਪਿਕ ਜੇਕਰ ਪੁਲਿਸ ਮਾਮਲੇ ਦੀ ਤੈਅ ਤੱਕ ਜਾਣ ਲਈ ਤੱਥ ਫਰੋਲੇ ਤਾਂ ਠੱਗੀ ਦਾ ਇਹ ਮਾਮਲਾ ਵੱਡਾ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਪੀੜਤ ਲੜਕਿਆਂ ਨੇ ਮਾਛੀਵਾੜਾ ਅਤੇ ਮਾਲੇਰਕੋਟਲਾ ਨਿਵਾਸੀ ਦੋ ਵਿਅਕਤੀਆਂ ’ਤੇ ਠੱਗੀ ਮਾਰਨ ਦੇ ਦੋਸ਼ ਲਾਏ ਹਨ।ਜਾਣਕਾਰੀ ਅਨੁਸਾਰ ਕੁੱਝ ਨੌਜਵਾਨਾਂ ਨੇ ਨੌਕਰੀ ਖਾਤਰ ਘਰ ਦਾ ਗਹਿਣਾ ਗੱਟਾ ਵੇਚਿਆ ਹੈ ਜਦੋਂਕਿ ਕਈਆਂ ਨੇ ਜਮੀਨ ਵੇਚੀ ਸੀ ਅਤੇ ਕੁੱਝ ਨੇ ਮੋਟੇ ਵਿਆਜ ਤੇ ਪੈਸਾ ਚੁੱਕ ਕੇ ਦਿੱਤਾ ਸੀ ਜੋਕਿ ਠੱਗੀ ਦੀ ਮਾਰ ਹੇਠ ਆ ਗਿਆ ਹੈ।
ਇਸ ਤਰਾਂ ਵੱਜੀ ਨੌਜਵਾਨਾਂ ਨਾਲ ਠੱਗੀ
ਨੌਜਵਾਨ ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਦੀ ਜਾਣ ਪਛਾਣ ਮਾਛੀਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਹੋਈ ਸੀ ਜਿਸ ਨੇ ਮਲੇਰਕੋਟਲਾ ਨਿਵਾਸੀ ਨਾਲ ਮਿਲਵਾਇਆ ਸੀ। ਉਸ ਨੇ ਚੰਡੀਗੜ ਦੇ ਵੱਡੇ ਅਫਸਰਾਂ ਨਾਲ ਜਾਣ ਪਛਾਣ ਹੋਣ ਬਾਰੇ ਦੱਸਦਿਆਂ ਕਈ ਨੌਜਵਾਨਾਂ ਨੂੰ ਪਹਿਲਾਂ ਨੌਕਰੀ ਲੁਆਉਣ ਬਾਰੇ ਕਿਹਾ ਸੀ । ਜਿਸ ਕਰਕੇ ਵੱਖ ਵੱਖ ਪਿੰਡਾਂ ਦੇ 23 ਨੌਜਵਾਨ ਉਨਾਂ ਦੇ ਝਾਂਸੇ ’ਚ ਆ ਗਏ। ਉਨਾਂ ਦੱਸਿਆ ਕਿ ਠੱਗਾਂ ਨੇ ਲੱਖਾਂ ਰੁਪਿਆ ਲੈਕੇ ਕਿਸੇ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਕਿਸੇ ਨੂੰ ਪੰਜਾਬ ਪੁਲਿਸ ਦਾ ਜਦੋਂਕਿ ਕਈਆਂ ਨੂੰ ਨਹਿਰੀ ਵਿਭਾਗ ਦੇ ਨਿਯੁਕਤੀ ਪੱਤਰ ਦੇ ਦਿੱਤੇ।
ਸਿਖਲਾਈ ਨੇ ਖੋਲਿਆ ਭੇਦ
ਆਰਪੀਐਫ ਦਾ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਲੜਕੇ ਨੂੰ 20 ਜੁਲਾਈ 2019 ਤੋਂ 20 ਅਪਰੈਲ 2020 ਤੱਕ ਗੋਰਖਪੁਰ ਜਾਕੇ ਸਿਖਲਾਈ ਹਾਸਲ ਕਰਨ ਲਈ ਆਖਿਆ ਗਿਆ ਸੀ। ਪੀੜਤ ਅਜੇਪਾਲ ਨੇ ਦੱਸਿਆ ਕਿ ਸਿਖਲਾਈ ਦੀ ਤਰੀਕ ਨੇੜੇ ਆਉਣ ਤੇ ਠੱਗਾਂ ਨੇ ਫੋਨ ਬੰਦ ਕਰ ਲਏ। ਉਨਾਂ ਦੱਸਿਆ ਕਿ ਇੱਕ ਰੇਲਵੇ ਪੁਲਿਸ ਅਧਿਕਾਰੀ ਵੱਲੋਂ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਉਹ ਧੋਖੇ ਦਾ ਸ਼ਿਕਾਰ ਹੋਇਆ ਹੈ। ਉਨਾਂ ਦੱਸਿਆ ਕਿ ਛਾਣਬੀਣ ਕਰਨ ਤੇ ਸਾਰੇ ਨਿਯੁਕਤੀ ਪੱਤਰ ਫਰਜ਼ੀ ਪਾਏ ਗਏ ।
ਹਰਵਿੰਦਰ ਨੇ ਗਹਿਣੇ ਵੇਚੇ
ਰਾਮਪੁਰਾ ਫੂਲ ਲਾਗੇ ਪਿੰਡ ਡਿੱਖ ਦੇ ਵਸਨੀਕ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਤਿੰਨ ਲੱਖ ਰੁਪਿਆ ਗਹਿਣੇ ਵੇਚ ਕੇ ਦਿੱਤਾ ਸੀ। ਜਦੋਂ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਨਾਲ ਠੱਗੀ ਵੱਜੀ ਹੈ ਤਾਂ ਉਸ ਦੀ ਨੀਂਦ ਉੱਡ ਗਈ ਹੈ। ਉਨਾਂ ਆਖਿਆ ਕਿ ਹੁਣ ਤਾਂ ਪੁਲਿਸ ਇਨਸਾਫ ਦਿਵਾਏ ਤਾਂ ਹੀ ਉਨਾਂ ਨੂੰ ਕੋਈ ਰਾਹਤ ਮਿਲ ਸਕਦੀ ਹੈ ਨਹੀਂ ਤਾਂ ਉਹ ਲੁੱਟੇ ਪੱਟੇ ਤਾਂ ਗਏ ਹਨ।
ਆੜਤੀ ਤੋਂ ਲਿਆ ਦੋ ਲੱਖ
ਠੱਗੀ ਦਾ ਸ਼ਿਕਾਰ ਹੋਏ ਜੁਗਰਾਜ ਸਿੰੰਘ ਵਾਸੀ ਖੋਖਰ ਨੇ ਦੱਸਿਆ ਕਿ ਪੁੱਤਰ ਦੀ ਨੌਕਰੀ ਦੇ ਲਾਲਚ ’ਚ ਉਸ ਨੇ ਦੋ ਲੱਖ ਰੁਪਿਆ ਆੜਤੀ ਤੋਂ ਵਿਆਜ ਤੇ ਲੈਕੇ ਠੱਗਾਂ ਨੂੰ ਦਿੱਤਾ ਸੀ। ਉਨਾਂ ਦੱਸਿਆ ਕਿ ਲੜਕੇ ਨੂੰ ਆਰਪੀਐਫ ਦਾ ਫਰਜੀ ਨਿਯੁਕਤੀ ਪੱਤਰ ਦਿੱਤਾ ਸੀ। ਉਨਾਂ ਦੱਸਿਆ ਕਿ ਕਿਸਾਨੀ ਦੀ ਹਾਲਤ ਤਾਂ ਪਹਿਲਾਂ ਹੀ ਮਾੜੀ ਹੈ ਜਦੋਂਕਿ ਪੁੱਤ ਦੇ ਮਾਮਲੇ ’ਚ ਵੱਜੀ ਠੱਗੀ ਨੇ ਉਨਾਂ ਨੂੰ ਕਰਜਈ ਕਰ ਦਿੱਤਾ ਹੈ। ਉਨਾਂ ਆਖਿਆ ਕਿ ਸਰਕਾਰ ਉਨਾਂ ਵੱਲ ਦੇਖੇ।
ਬੇਟੀ ਦੀ ਨੌਕਰੀ ਲਈ 6 ਲੱਖ ਦਿੱਤੇ
ਪਿੰਡ ਖੋਖਰ ਵਾਸੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਬੇਟੀ ਨੂੰ ਜੇਈ ਲੁਆਉਣ ਲਈ ਛੇ ਲੱਖ ਦਿੱਤੇ ਸਨ ਜਿਸ ਦੇ ਬਦਲੇ ਨਿਯੁਕਤੀ ਪੱਤਰ ਵੀ ਦਿੱਤਾ ਗਿਆ ਸੀ। ਉਨਾਂ ਦੱਸਿਆ ਕਿ ਲੜਕੀ ਨੂੰ ਛੇ ਮਹੀਨੇ ਬਾਅਦ ਨੌਕਰੀ ਜੁਆਇਨ ਕਰਨ ਬਾਰੇ ਆਖਿਆ ਗਿਆ ਸੀ।
ਸਰਕਾਰਾਂ ਦੀਆਂ ਨੀਤੀਆਂ ਦਾ ਸਿੱਟਾ ਠੱਗੀਆਂ
ਲੋਕ ਇਨਸਾਫ ਪਾਰਟੀ ਮੌੜ ਮੰਡੀ ਦੇ ਆਗ ਐਡਵੋਕੇਟ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਐਸਪੀਡੀ ਨੇ ਪੀੜਤਾਂ ਨੂੰ ਨਿਆਂ ਦਾ ਭਰੋਸਾ ਦਿਵਾਇਆ ਹੈ। ਉਨਾਂ ਆਖਿਆ ਕਿ ਹੁਣ ਤੱਕ ਦੀਆਂ ਸਰਕਾਰਾਂ ਬੇਰੁਜਗਾਰਾਂ ਨੂੰ ਰੁਜਗਾਰ ਦੇਣ ’ਚ ਫੇਲ ਰਹੀਆਂ ਹਨ। ਉਨਾਂ ਆਖਿਆ ਕਿ ਜੇਕਰ ਕੈਪਟਨ ਸਰਕਾਰ ਨੇ ਹੀ ਘਰ ਘਰ ਨੌਕਰੀ ਦਾ ਵਾਅਦਾ ਨਿਭਾਇਆ ਹੁੰਦਾ ਤਾਂ ਨੌਜਵਾਨਾਂ ਨਾਲ ਇਹ ਭਾਣਾ ਨਹੀਂ ਵਾਪਰਨਾ ਸੀ।
ਕਸੂਰਵਾਰ ਖਿਲਾਫ ਕਾਰਵਾਈ:ਐਸਪੀ
ਐਸਪੀ ਡੀ ਜੀ ਐਸ ਸੰਘਾ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਦੌਰਾਨ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ।