ਪੰਜਾਬੀ ਗਾਇਕੀ ਵਿੱਚ ਨਿੱਤ ਦਿਨ ਨਵੇਂ ਚਿਹਰੇ ਦਿਖਾਈ ਦਿੰਦੇ ਹਨ ਜਿਹਨਾਂ ਵਿੱਚ ਬਹੁਤ ਸਾਰੇ ਅਸਲੀ ਗਾਇਕ ਹਨ ਤਾਂ ਬਹੁਤ ਸਾਰੇ ਭੱਜ ਕੇ ਵੀ ਪੰਜਾਬੀ ਗਾਇਕੀ ਦੀ ਗੱਡੀ ਚੜੇ ਨਜ਼ਰ ਆਉਂਦੇ ਹਨ। ਪਰ ਜਦੋਂ ਸੱਚ ਹੀ ਕੋਈ ਮਿੱਠੀ ਆਵਾਜ਼ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਦਸਤਕ ਦਿੰਦੀ ਹੈ ਤਾਂ ਮਨ ਨੂੰ ਇੱਕ ਅਨੂਠਾ ਸਕੂਨ ਮਿਲਦਾ ਹੈ। ਅਜਿਹਾ ਹੀ ਇੱਕ ਨਾਂ ਹੈ ਸੁਖਪ੍ਰੀਤ ਕੌਰ ਜਿਸਨੇ ਪੀਟੀਸੀ ਦੇ ਸੰਗੀਤ ਮੁਕਾਬਲਿਆਂ ਰਾਹੀਂ ਸੰਗੀਤ ਵਿੱਚ ਪੈਰ ਧਰਿਆ ਸੀ ਅਤੇ ਇਸ ਅਤਿ ਕਠਿਨ ਤੇ ਉੱਚ ਕੋਟੀ ਦੇ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਸੀ।ਜੱਸ ਰਿਕਾਰਡਿੰਗਜ਼ ਵੱਲੋਂ ਪੇਸ਼ ਹੁਣ ਸੁਖਪ੍ਰੀਤ ਕੌਰ ਨੇ ਆਪਣੇ ਨਵੇਂ ਸਭਿਆਚਾਰਕ ਗੀਤ “ਮੇਰੇ ਨਾਲ” ਦੁਆਰਾ ਬਹੁਤ ਵਧੀਆ ਹਾਜ਼ਰੀ ਲਗਵਾਈ ਹੈ। ਨਵਾਂ ਗੀਤ, ਵੱਖਰਾ ਅੰਦਾਜ਼, ਦਮਦਾਰ ਅਵਾਜ਼ ਨਾਲ ਸੁੱਖਪ੍ਰੀਤ ਨੇ ਸਭ ਦਾ ਦਿਲ ਟੁੰਬਿਆ ਹੈ। ਸੁੱਖਪ੍ਰੀਤ ਕੌਰ ਨੂੰ ਆ ਰਹੇ ਭੱਲਕ ਦੀ ਵੱਡੀ ਗਾਇਕਾ ਦੇ ਰੁਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਪਿੱਛੇ ਸੁੱਖਪ੍ਰੀਤ ਦੀ ਆਪਣੀ ਮਿਹਨਤ, ਵਾਹਿਗੁਰੂ ਦੀ ਮਿਹਰ ਅਤੇ ਉਸਦੇ ਪਿਤਾ ਹਰਜਿੰਦਰ ਲੋਪੋਂ ਦਾ ਸਾਥ ਵੀ ਬਹੁਤ ਅਹਿਮੀਅਤ ਰੱਖਦੇ ਹਨ। ਜ਼ਿਕਰਯੋਗ ਹੈ ਕਿ ਹਰਜਿੰਦਰ ਲੋਪੋਂ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਹੋਣ ਦੇ ਨਾਲ ਪੰਜਾਬੀਆਂ ਪ੍ਰਤੀ ਬਹੁਤ ਸੰਜੀਦਾ ਤੇ ਭਾਵੁਕ ਇਨਸਾਨ ਹੈ। ਜੋ ਸਮੇਂ ਸਮੇਂ ਅਜਿਹੇ ਕਾਬਿਲ ਤੇ ਹੁਨਰਮੰਦ ਲੋਕਾਂ ਨੂੰ ਮੂਹਰੇ ਲਿਆਉਂਦਾ ਰਹਿੰਦਾ ਹੈ ਜਿਹਨਾਂ ਨੇ ਆਪਣੇ ਜੀਵਨ ਵਿੱਚ ਵਿਲੱਖਣ ਮੱਲਾਂ ਮਾਰੀਆਂ ਹੋਣ। ਹੁਣ ਹਰਜਿੰਦਰ ਦੀ ਸਕੀ ਧੀ ਮੱਲਾਂ ਮਾਰ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਧੀ ਇਕੱਲੇ ਹਰਜਿੰਦਰ ਦੀ ਨਹੀਂ ਸਗੋਂ ਸਾਡੀ ਸਮੂਹ ਪੰਜਾਬੀਆਂ ਦੀ ਧੀ ਹੈ।
ਅਸੀਂ ਸਭ ਸੁੱਖਪ੍ਰੀਤ ਦੇ ਉਜਲੇ ਭਵਿੱਖ ਲਈ ਦਿਲੋਂ ਕਾਮਨਾ ਕਰਦੇ ਹਾਂ ਇਹ ਬੱਚੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਇੱਕ ਮੀਲ ਪੱਥਰ ਵਜੋਂ ਸਥਾਪਿਤ ਹੋਵੇ।
ਬਲਵਿੰਦਰ ਸਿੰਘ ਚਾਹਲ
ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ