ਮਹਿਲ ਕਲਾਂ 3 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਅਤੇ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸਾਬਕਾ ਆਗੂ ਜਗਜੀਤ ਸਿੰਘ ਢਿੱਲਵਾਂ ਦਾ ਬਿਜਲੀ ਵਿਭਾਗ ‘ਚੋਂ ਬਤੌਰ ਜੇਈ ਸੇਵਾ ਮੁਕਤ ਹੋਣ ‘ਤੇ ਵੱਖ ਵੱਖ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਸੋਹਣ ਸਿੰਘ ਮਾਝੀ ਨੇ ਕਿਹਾ ਕਿ ਪਿੰਡ ਢਿੱਲਵਾਂ ਦੇ ਕਿਰਤੀ ਪਰਿਵਾਰ ਵਿੱਚ ਜਨਮਿਆ ਜਗਜੀਤ ਸਿੰਘ ਵਿਦਿਆਰਥੀ ਜੀਵਨ ਦੌਰਾਨ ਹੀ ਇਨਕਲਾਬੀ ਬਣ ਗਿਆ ਸੀ ਤੇ ਆਈਟੀਆਈ ਕਰਨ ਸਮੇਂ ਉਹ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਸਰਗਰਮ ਹੋ ਗਿਆ ਸੀ ਤੇ ਉਸ ਸਮੇਂ ਤੋਂ ਹੀ ਉਹ ਇਨਕਲਾਬੀ ਜਮਹੂਰੀ ਲਹਿਰ ਦਾ ਹਿੱਸਾ ਬਣਿਆ ਆ ਰਿਹਾ ਹੈ।
ਉਨ੍ਹਾਂ ਕਿਹਾ ਜਗਜੀਤ ਸਿੰਘ ਨੇ ਪਿੰਡ ਆਪਣੀ ਨੌਕਰੀ ਦੇ ਨਾਲ ਨਾਲ ਪਿਛਲੇ ਕਈ ਸਾਲਾਂ ਤੋਂ ਜਮਹੂਰੀ ਅਧਿਕਾਰ ਸਭਾ ਵਿੱਚ ਵੀ ਜਿਲ੍ਹਾ ਪੱਧਰ ਦੇ ਆਗੂ ਵਜ਼ੋਂ ਮੋਹਰੀ ਰੋਲ ਅਦਾ ਕੀਤਾ ਹੈ।ਉਨ੍ਹਾਂ ਜਗਜੀਤ ਸਿੰਘ ਨੂੰ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ‘ਤੇ ਮੁਬਾਰਕਵਾਦ ਦਿੰਦਿਆ ਕਿਹਾ ਕਿ ਹੁਣ ਸਾਥੀ ਜਗਜੀਤ ਸਿੰਘ ਆਪਣਾ ਸਾਰਾ ਹੀ ਸਮਾਂ ਜਮਹੂਰੀ ਅਧਿਕਾਰ ਸਭਾ ਦੇ ਲੇਖੇ ਲਾਉਣਗੇ।
ਇਸ ਮੌਕੇ ਸਭਾ ਦੇ ਜਿਲ੍ਹਾ ਖਜ਼ਾਨਚੀ ਹਰਚਰਨ ਪੱਤੀ ਅਤੇ ਪਰਮਜੀਤ ਕੌਰ ਜੋਧਪੁਰ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਹੇਮ ਰਾਜ ਸਟੈਨੋ ਅਤੇ ਜੋਰਾ ਸਿੰਘ ਖਿਆਲੀ ਨੇ ਕਿਹਾ ਕਿ ਜਗਜੀਤ ਸਿੰਘ ਆਪਣਾ ਜੀਵਨ ਬਹੁਤ ਹੀ ਸਾਦਗੀ ਨਾਲ ਤੇ ਫੋਕੇ ਰਿਵਾਜ਼ਾਂ ਨੂੰ ਤਿਆਗ ਕੇ ਬਤੀਤ ਕਰ ਰਿਹਾ ਹੈ।
ਇਸ ਮੌਕੇ ਡੀਐਮਐਫ ਦੇ ਜਿਲ੍ਹਾ ਪ੍ਰਧਾਨ ਜਗਰਾਜ ਟੱਲੇਵਾਲ ਅਤੇ ਡੀਟੀਐਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ ਤੇ ਸੂਬਾ ਕਮੇਟੀ ਮੈਂਬਰ ਮਾਸਟਰ ਗੁਰਮੇਲ ਭੁਟਾਲ ਨੇ ਕਿਹਾ ਕਿ ਜਗਜੀਤ ਸਿੰਘ ਜਿਲ੍ਹਾ ਬਰਨਾਲਾ ਵਿੱਚ ਚੱਲੇ ਮੁਲਾਜ਼ਮਾਂ ਦੇ ਹਰ ਸੰਘਰਸ਼ ਵਿੱਚ ਆਪਣੀ ਯੋਗਤਾ ਸਮਰੱਥਾ ਅਨੁਸਾਰ ਯੋਗਦਾਨ ਪਾਉਂਦਾ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਨੇ ਬਿਜਲੀ ਬੋਰਡ ਵਿੱਚ ਨੌਕਰੀ ਕਰਦਿਆ ਜਿੱਥੇ ਆਪਣੀ ਨੌਕਰੀ ਸਹੀ ਢੰਗ ਨਾਲ ਕੀਤੀ ਹੈ ਉੱਥੇ ਹੀ ਉਸਨੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵਿੱਚ ਸਰਕਲ ਪੱਧਰ ਦੇ ਅਹੁਦਿਆਂ ‘ਤੇ ਰਹਿ ਕੇ ਗਿਣਨਯੋਗ ਸਰਗਰਮੀ ਕੀਤੀ ਹੈ।
ਜਗਜੀਤ ਸਿੰਘ ਦਾ ਸਨਮਾਨ ਕਰਨ ਪਹੁੰਚੇ ਲੋਕ ਸੰਗਰਾਮ ਮੋਰਚਾ ਪੰਜਾਬ ਦੀ ਸੂਬਾ ਸਕੱਤਰ ਸੁਖਵਿੰਦਰ ਕੌਰ ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜਗਜੀਤ ਸਿੰਘ ਨੇ ਮਹਿਲ ਕਲਾਂ ਖੇਤਰ ਵਿੱਚ ਚੱਲੇ ਕਿਰਨਜੀਤ ਕੌਰ ਬਲਾਤਕਾਰ/ਕਤਲ ਕਾਂਢ ਵਿਰੋਧੀ ਸੰਘਰਸ਼ ਸਮੇਂ 1997-98 ਦੇ ਦੌਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਬੇਰੁਜਗਾਰ ਬੀਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਪਿੰਡ ਢਿੱਲਵਾਂ ਵੱਲੋਂ ਜਗਜੀਤ ਸਿੰਘ ਬਾਰੇ ਸਨਮਾਨ ਸ਼ਬਦ ਬੋਲੇ ਅਤੇ ਉਸਦੀਆ ਪਿੰਡ ਵਿੱਚਲੀਆ ਯਾਦਾਂ ਨੂੰ ਤਾਜਾ ਕੀਤਾ।ਜਗਜੀਤ ਸਿੰਘ ਦੀ ਬੇਟੀ ਸਰਕਾਰੀ ਸਕੂਲ ਅਧਿਆਪਕਾ ਹੈ।