ਦੋਸਤੋ ਮਦਾਰੀ ਪੰਜਾਬੀ ਵਿਰਸੇ ਦਾ ਇਕ ਦਿਲਚਸਪ ਜੀਅ ਰਿਹਾ ਐ, ਮਦਾਰੀ ਦਾ ਜ਼ਿਕਰ ਛਿੜਦੇ ਹੀ ਅੱਖਾਂ ਅੱਗੇ ਮੋਢੇ ਤੇ ਇਕ ਝੋਲੀ ਟੰਗ, ਹੱਥ ਵਿੱਚ ਡੁੱਗੀ ਫੜ ਕੇ ਪਿੰਡ ਦੇ ਸੱਥ/ਚੌਕ ਵਿੱਚ ਬੈਠਾ ਬੰਦਾ ਘੁੰਮ ਜਾਂਦਾ ਐ, ਜੋ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਸਭ ਦਾ ਮਨੋਰੰਜਨ ਕਰ ਤਮਾਸ਼ੇ ਕਰ ਕੇ ਵਿਖਾਉਂਦਾ ਐ..!
ਪਰ ਅਸਲ ਵਿੱਚ ਇਕ ਹੋਰ ਮਦਾਰੀ ਹੁੰਦਾ ਐ, ਅਤੇ ਉਹਦਾ ਆਰ ਪਰਿਵਾਰ ਹੁੰਦਾ ਐ ਕਿ ਨਹੀਂ, ਅੱਜ ਇਹਦੇ ਵਾਰੇ ਕੁਝ ਵਿਚਾਰ ਸਾਂਝ ਪਾਉਂਦੇ ਹਾਂ.!
“ਮਦਾਰੀ” ਸ਼ਬਦ ਸੂਫ਼ੀ ਫ਼ਕੀਰੀ ਦਰਜ਼ੇ “ਕੁਤਬ-ਉੱਲ-ਮਦਾਰ” ਤੋਂ ਹੋਂਦ ਵਿੱਚ ਆਇਆ ਐ, ਜਿਸਦਾ ਸਿੱਧਾ ਜਿਹਾ ਮਤਲਬ ਐ ਸਭ ਤੋਂ ਉੱਪਰਲੇ ਦਰਜੇ ਦਾ ਫਕੀਰ, ਮਲੰਗ , ਦਰਵੇਸ਼, ਮਸਤ , ਜਿਹਨੂੰ ਕਿਸੇ ਦੁਨਿਆਵੀ ਚੀਜ ਦੀ ਕੋਈ ਪ੍ਰਵਾਹ ਨਾਂ ਹੋਵੇ ..! ਸੋ ਉਹ ਹੁੰਦਾ ਐ “ਮਦਾਰੀ”
ਇਵੇੰ ਹੀ ਆਪਣੇ ਵਕਤਾਂ ਦੇ “ਕੁਤਬ-ਉਲ-ਮਦਾਰ” ਅਤੇ ਸੂਫ਼ੀ ਦਰਵੇਸ਼ਾਂ ਵਿਚ ਸਭ ਤੋਂ ਉੱਚਾ ਦਰਜਾ,ਮਰਤਬਾ ਰਖਣ ਵਾਲੇ ਫਕੀਰ ਸਨ “ਹਜ਼ਰਤ ਬਦੀਉਂਦੀਨ ਸ਼ਾਹ ਮਦਾਰ” ..!
ਜਨਮ ਤੋਂ “ਯਹੂਦੀ” ਇਸ “ਕੁਤਬ -ਉੱਲ -ਮਦਾਰ” ਸੂਫ਼ੀ ਦਾ ਜਨਮ 1315 ਈ ਵਿੱਚ ਸੀਰੀਆ ਵਿੱਚ ਐਲਪੋ ਸ਼ਹਿਰ ਵਿੱਚ ਹਜ਼ਰਤ ਅਬੂ ਇਸਹਾਕ ਸਾਮੀ ਅਤੇ ਸਨੀਆਂ ਬੇਗਮ ਦੇ ਘਰ ਹੋਇਆ, ਮੁੱਢਲੀ ਸਿਖਿਆ ਵੀ ਇੱਥੋਂ ਹੀ ਕਰਨ ਤੋਂ ਬਾਅਦ 14 ਸਾਲ ਵਿੱਚ ਈ ਹੱਜ ਕਰਨ ਗਿਆਂ ਨੂੰ ਭਾਰਤ ਮੁਲਕ ਜਾਣ ਦਾ ਇਲਹਾਮ ਹੋਇਆ ਦੱਸਦੇ ਹਨ ..!
ਆਪ ਦਾ ਪੀਰ-ਓ -ਮੁਰ਼ਸ਼ਦ ਸ਼ੇਖ ਮੁਹੰਮਦ ਤੈਫੂਰੀ ਸੀ .!
ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਘੁੰਮਣ ਤੋਂ ਬਾਅਦ ਯੂ. ਪੀ. (ਅੱਵਧ ) ਵਿੱਚ ਕਾਨਪੁਰ ਦੇ ਕੋਲ 40 ਕੁ ਕਿ. ਮੀ. ਤੇ ਮਾਕਨਪੁਰ ਕਸਬੇ ਵਿਖੇ ਆਪ ਨੇ ਸਾਰਾ ਸਮਾਂ ਅਤੇ ਅੰਤਮ ਸਮਾਂ (1436 ਤੱਕ ) ਗੁਜ਼ਾਰਿਆ ਜਿੱਥੇ ਹੁਣ ਆਪਦਾ ਮਜ਼ਾਰ ਸ਼ਰੀਫ ਐ .! ਉੱਥੇ ਅੱਜ ਵੀ ਉਹਨਾ ਦੀ ਯਾਦ ਵਿੱਚ “ਉਰਸ” ਅਤੇ “ਬਿਸਮਿਲਾਹ” ਮਨਾਇਆ ਜਾਂਦਾ ਐ ..!
“ਕੁਤਬ-ਉੱਲ-ਮਦਾਰ” ਖ਼ੁਦ ਨੂੰ ਸਰਵਉਤਮ ਸਮਝਣ ਕਰਕੇ ਬਾ-ਮਕਲਫ ਅਤੇ ਇਹਦੇ ਪੈਰੋਕਾਰ ਜ਼ਾਹਿਰੀ ਇਬਾਦਤ ਦੇ ਜ਼ਿਆਦਾ ਪਾਬੰਦ ਨਹੀਂ ਹੁੰਦੇ ..!
ਇਹ ਫਕੀਰ ਇਸਲਾਮ ਵਿੱਚ ਮਸ਼ਹੂਰ ਹੇਠ ਲਿਖੀਆਂ ਚਾਰ ਪਰੰਪਰਾਵਾਂ /ਕਲਾਵਾਂ ਦਾ ਗਿਆਤਾ ਮੰਨਿਆ ਜਾਂਦਾ ਐ..!
(1) ਰੀਮੀਆ (ਧਾਰਨਾ ਐ ਕਿ ਇਸ ਕਲਾ ਨਾਲ ਇਕ ਬੰਦਾ ਆਪਣੀ ਸਥਾਨ ਤੋਂ ਦੂਜੇ ਸਥਾਨ ਵਿੱਚ ਪਲਕ ਝਪਕਦੇ ਈ ਜਾ ਸਕਦਾ ਐ )
(2) ਕੀਮੀਆ (ਧਾਰਨਾ ਅਨੁਸਾਰ ਲੋਹ ਨੂੰ ਸੋਨੇ ਵਿੱਚ ਤਬਦੀਲ ਕਰਨ ਦੀ ਕਲਾ ਮੰਨਦੇ ਹਨ )
(3) ਹੀਮੀਆ (ਧਾਰਨਾ ਅਨੁਸਾਰ ਜਾਦੂ ਦੀ ਸਰਵੋਤਮ ਜਾਣਕਾਰੀ/ਕਲਾ ਮੰਨੀ ਜਾਂਦੀ ਐ)
(4) ਸੀਮੀਆ (ਧਾਰਨਾ ਐ ਕਿ ਮਨੁੱਖ ਆਪਣੀ ਦੇਹ ਵਿੱਚੋਂ ਰੂਹ ਅਲੱਗ ਕਰ ਕੇ ਕਿਤੇ ਹੋਰ ਪ੍ਰਵੇਸ਼ ਕਰ ਸਕਦਾ ਐ )
ਪਰ ਇਹ ਬਹੁਤ ਲੰਬਾ ਵਿਸ਼ਾ ਹੈ ਸੋ ਚਮਤਕਾਰਾਂ ਵੱਲ ਨਾ ਜਾਂਦੇ ਹੋਏ ਅਸਲ ਚਰਚਾ ਮਦਾਰੀ ਸ਼ਬਦ ਵੱਲ ਹੀ ਰੱਖਦੇ ਆਂ ..!
ਅਤੇ ਹਰ ਸਾਲ ਉਸ ਮਜ਼ਾਰ ਸ਼ਰੀਫ ਉਪਰ ਅਕਸਰ ਹੀ ਹਿੰਦੂ ਅਤੇ ਮੁਸਲਮਾਨ ਅਤੇ ਹੋਰ ਧਰਮ ਇਹਨਾਂ “ਮਦਾਰੀ” ਮਲੰਗਾਂ ਦੀ ਬਰਾਬਰ ਮਾਨਤਾ ਕਰਦੇ ਹਨ ..!
ਇਸੇ ਮਦਾਰ ਦੇ ਚੇਲੇ ਜਾਂ “ਮਦਾਰੀ” ਮਲੰਗ ਸਿਰ ਉੱਪਰ ਜਟਾਵਾਂ ਰੱਖਦੇ ਹਨ , ਹਰ ਵੇਲੇ ਭੰਗ ਪੀਂਦੇ ਹਨ ,ਮੰਨਿਆਂ ਜਾਂਦਾ ਐ ਕਿ ਇਹਨਾਂ ਨੂੰ ਬਖ਼ਸ਼ ਐ ਕਿ ਸੱਪ ਦੇ ਕੱਟੇ ਦਾ ਇਲਾਜ ਇਹ ਕਰ ਲੈਂਦੇ ਹਨ, ਧਾਰਨਾ ਇਹ ਵੀ ਐ ਕਿ ਇਹਨਾ ਦੇ ਡੇਰੇ ਦੇ ਹੱਦ ਵਿੱਚ ਸੱਪ ਵੜਦਾ ਈ ਨਹੀਂ ਆ ..!
ਚਿਲਮ, ਧਤੂਰਾ ਜਾਂ ਹੋਰ ਨਸ਼ਿਆਂ ਵਿੱਚ ਮਸਤ ਹੋ ਕੇ ਇਹ ਚੀਕਾਂ ਮਾਰ ਮਾਰ ਨੱਚਦੇ ਗਾਉਂਦੇ ਹਨ ਤੇ ਇਸੇ ਨੂੰ ਈ ਇਬਾਦਤ ਦੱਸਦੇ ਹਨ..!
ਸੋ ਨਿਚੋੜ ਇਹ ਐ ਕਿ ਹਰ ਮੁਲਕ ਵਿੱਚ ਅਜਿਹੇ ਹੋਰ ਵੀ ਬਹੁਤ ਸ਼ਬਦ ਪ੍ਰਚਲਿਤ ਹੁੰਦੇ ਹੋਣਗੇ ਜੋ ਅਸਲ ਵਿੱਚ ਕੋਈ ਨਾ ਕੋਈ ਪਿਛੋਕੜ ਜ਼ਰੂਰ ਰੱਖਦੇ ਹੋਣਗੇ ..!
–“ਅਸ਼ੋਕ ਹੈਪੀ ਚੌਧਰੀ” ਟੋਰਾਂਟੋ ਕਨੇਡਾ