ਸ਼ਬਦ ਗਾਇਨ ਮੁਕਾਬਲਿਆਂ ਦੇ ਜ਼ਿਲ੍ਹਾ ਪੱਧਰੀ ਨਤੀਜ਼ੇ ਐਲਾਨੇ
ਅਸ਼ੋਕ ਵਰਮਾ
ਬਠਿੰਡਾ, 29 ਜੁਲਾਈ : ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਸ਼ਬਦ ਗਾਇਨ ਮੁਕਾਬਲਿਆਂ ਦੇ ਨਤੀਜ਼ੇ ਐਲਾਨੇ ਗਏ। ਸਟੇਟ ਸਿੱਖਿਆ ਕਮੇਟੀ ਵਲੋਂ ਐਲਾਨੇ ਗਏ ਨਤੀਜਿਆਂ ’ਚ ਲੜਕੀਆਂ ਮੋਹਰੀ ਰਹੀਆਂ। ਇਹ ਜਾਣਕਾਰੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਇਕਬਾਲ ਸਿੰਘ ਬੁੱਟਰ ਨੇ ਸਾਂਝੀ ਕੀਤੀ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜ੍ਹਾਅ ਤਹਿਤ 6 ਜੁਲਾਈ ਤੋਂ 12 ਜੁਲਾਈ ਤੱਕ ਸ਼ਬਦ ਗਾਇਨ ਦੇ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਸਰਕਾਰੀ ਸਕੂਲਾਂ ’ਚ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਆਪਣੇ ਧਾਰਮਿਕ ਸ਼ਬਦ ਗਾਇਨ ਦੇ ਵੀਡੀਓ ਿਕ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਸਨ। ਤਿੰਨ ਵੱਖ-ਵੱਖ ਵਰਗਾਂ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਦੇ ਵਿਦਿਆਰਥੀਆਂ ਦੇ ਹੋਏ ਇਨ੍ਹਾਂ ਆਨ-ਲਾਇਨ ਸ਼ਬਦ ਗਾਇਨ ਮੁਕਾਬਲਿਆਂ ਦੇ ਪ੍ਰਾਪਤ ਹੋਏ ਜ਼ਿਲ੍ਹਾ ਪੱਧਰੀ ਨਤੀਜਿਆਂ ਅਨੁਸਾਰ ਪ੍ਰਾਇਮਰੀ ਵਰਗ ਵਿਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੇ ਵਿਦਿਆਰਥਣ ਡਿੰਪਲਪ੍ਰੀਤ ਕੌਰ ਨੇ ਪਹਿਲਾ ਤੇ ਸਰਕਾਰੀ ਅਦਰਸ਼ ਪ੍ਰਾਇਮਰੀ ਸਕੂਲ ਬਠਿੰਡਾ ਦੀ ਵਿਦਿਆਰਥਣ ਦਿਲਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਮਿਡਲ ਵਰਗ ਵਿਚ ਹੋਏ ਸ਼ਬਦ ਗਾਇਨ ਮੁਕਾਬਲਿਆਂ ’ਚ ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਬਠਿੰਡਾ ਦੀ ਵਿਦਿਆਰਥਣ ਬਾਣੀ ਲਾਖ਼ਾ ਨੇ ਪਹਿਲਾ ਤੇ ਲਕਸ਼ਮੀ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਸੈਕੰਡਰੀ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਈਰੂਪਾ ਦੇ ਵਿਦਿਆਰਥੀ ਹਰਜਿੰਦਰ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਲਿਆਵਾਲੀ ਦੇ ਵਿਦਿਆਰਥੀ ਰਣਵੀਰ ਅਲੀ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ’ਤੇ ਰਹੇ।
ਇਸੇ ਤਰ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਹੋਏ ਸ਼ਬਦ ਗਾਇਨ ਮੁਕਾਬਲਿਆਂ ’ਚ ਮਿਡਲ ਵਰਗ ਵਿੱਚ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੇ ਵਿਦਿਆਰਥੀ ਉਦੈ ਸਿੰਘ ਤੇ ਸੈਕੰਡਰੀ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਭਾਰਾ ਦੀ ਵਿਦਿਆਰਥਣ ਨਵਜੋਤ ਕੌਰ ਜੇਤੂ ਰਹੀ।