ਅਸ਼ੋਕ ਵਰਮਾ
ਬਠਿੰਡਾ, 29 ਜੁਲਾਈ। ਗੇਲ ਇੰਡੀਆ ਲਿਮਟਿਡ ਵੱਲੋਂ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਨੂੰ ਸੀਐੱਨਜੀ ਗੈਸ ਦੀ ਸਪਲਾਈ ਲਈ ਵਿਛਾਈ ਜਾ ਰਹੀ ਪਾਈਪ ਲਾਈਨ ਦਾ ਰੱਫੜ ਵਧ ਗਿਆ ਹੈ। ਬਠਿੰਡਾ ਜਿਲੇ ’ਚ ਪ੍ਰਜੈਕਟ ਦਾ ਕੰਮ ਦੇਖ ਰਹੇ ਤੇਜ ਸਿੰਘ ਦੇ ਰਵਈਏ ਨੇ ਬਲਦੀ ਤੇ ਤੇਲ ਪਾਇਆ ਦੱਸਿਆ ਜਾ ਰਿਹਾ ਹੈ। ਕਿਸਾਨ ਆਗੂ ਆਖਦੇ ਹਨ ਕਿ ਕੰਪਨੀ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਅੱਠ ਮੀਟਿੰਗਾਂ ਕੀਤੀਆਂ ਹਨ ਪਰ ਕੰਪਨੀ ਮਿੱਠੀਆਂ ਗੋਲੀਆਂ ਦੇ ਰਹੀ ਹੈ ਜੋ ਕਿਸਾਨਾਂ ਨੂੰ ਮਨਜੂਰ ਨਹੀਂ ਹੈ। ਜਿੰਨਾਂ ਖੇਤਾਂ ਵਿਚ ਦੀ ਪਾਈਪ ਲਾਈਨ ਲੰਘਾਈ ਜਾਣੀ ਹੈ ਉਹ ਕਿਸਾਨ ਡਰੇ ਹੋਏ ਹਨ। ਕਿਸਾਨਾਂ ਨੂੰ ਡਰ ਸਤਾ ਰਿਹਾ ਹੈ ਕਿ ਉਨਾਂ ਦੀ ਜਮੀਨ ਨੂੰ ਉਸਾਰੀ ਵਰਜਿਤ ਜੋਨ ਐਲਾਨਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਦਰਖਤ ਲਾਉਣ ਦੀ ਮਨਾਹੀ ਕੀਤੇ ਜਾਣ ਦੇ ਵੀ ਚਰਚੇ ਹਨ। ਉੱਪਰੋਂ ਕੰਪਨੀ ਕਿਸਾਨਾਂ ਨੂੰ ਮੁਆਵਜਾ ਨਿਗੂਣਾ ਦੇ ਰਹੀ ਹੈ ਜਿਸ ਨੂੰ ਲੈਕੇ ਮਾਮਲਾ ਉਲਝਦਾ ਹੋਇਆ ਆਰ ਪਾ;ਰ ਦੀ ਲੜਾਈ ਤੱਕ ਪੁੱਜ ਗਿਆ ਹੈ।
ਵੱਖ ਵੱਖ ਪਿੰਡਾਂ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਅੱਜ ਤਾਂ ਕਿਸਾਨਾਂ ਨੇ ਗੇਲ ਇੰਡੀਆ ਪ੍ਰਾਈਵੇਟ ਲਿਮਟਿਡ ਖਿਲਾਫ ਰੋਸ ਮੁਜਾਹਰਾ ਕੀ ਕੀਤਾ ਹੈ। ਦੱਸਣਯੋਗ ਹੈ ਕਿ ਵੱਖ ਵੱਖ ਪਿੰਡਾਂ ਦੇ ਕਿਸਾਨ ਕਾਂਗਰਸੀ ਆਗੂ ਖੁਸ਼ਬਾਜ ਜਟਾਣਾ ਦੀ ਅਗਵਾਈ ਹੇਠ ਕਰੋਨਾ ਸੰਕਟ ਤੋਂ ਦੋ ਤਿੰਨ ਮਹੀਨੇ ਪਹਿਲਾਂ ਮਿਲੇ ਸਨ। ਉਸ ਵਕਤ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਸੀ ਕਿ ਕਿਸੇ ਵੀ ਕਿਸਾਨ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਏਗਾ। ਹੁਣ ਜਦੋਂ ਕੰਪਨੀ ਨੇ ਪੂਰਾ ਮੁਆਵਜਾ ਨਾਂ ਦਿੱਤਾ ਤਾਂ 11 ਪਿੰਡਾਂ ਦੇ ਕਿਸਾਨ ਭੜਕ ਗਏ ਅਤੇ ਕੰਪਨੀ ਖਿਲਾਫ ਮੋਰਚਾ ਖੋਹਲ ਦਿੱਤਾ ਹੈ। ਕਿਸਾਨਾਂ ਦੀ ਅਗਵਾਈ ਤਿੰਨ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਜਮਹੂਰੀ ਕਿਸਾਨ ਸਭਾ ਕਰ ਰਹੀਆਂ ਹਨ। ਕਰੀਬ 10-12 ਦਿਨ ਪਹਿਲਾਂ ਕਿਸਾਨ ਧਿਰਾਂ ਅਤੇ ਕਿਸਾਨਾਂ ਨੇ ਕੰਮ ਬੰੰਦ ਕਰਵਾ ਦਿੱਤਾ ਸੀ ਜੋ ਅਜੇ ਤੱਕ ਸ਼ੁਰੂ ਨਹੀਂ ਹੋਇਆ ਅਤੇ ਨਾਂ ਹੀ ਮਾਮਲਾ ਕਿਸੇ ਤਣ ਪੱਤਣ ਲੱਗਿਆ ਹੈ। ਕਿਸਾਨਾਂ ਨੇ ਕਰੋਨਾ ਸੰਕਟ ਅਤੇ ਕੰਮ ਦੀ ਰੁੱਤ ਦੇ ਬਾਵਜੂਦ ਪੱਕਾ ਧਰਨਾ ਲਾਇਆ ਹੋਇਆ ਹੈ।
ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ,ਕਿਸਾਨ ਆਗੂ ਧਰਮਪਾਲ ਸਿੰਘ ਜੰਡੀਆ ਅਤੇ ਰਾਮ ਸਿੰਘ ਕੋਟਗੁਰੂ ਦਾ ਕਹਿਣਾ ਸੀ ਕਿ ਗੇਲ ਇੰਡੀਆ ਕੰਪਨੀ ਕਿਸਾਨਾਂ ਦੀ ਮੰਗ ਨੂੰ ਅੱਖੋ-ਪਰੋਖੇ ਕਰਕੇ ਧੱਕੇ ਨਾਲ ਗੈਸ ਪਾਇਪ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਕਿਸਾਨ ਕਿਸੇ ਵੀ ਕੀਮਤ ’ਤੇ ਪਾਈਪਲਾਈਨ ਨਹੀਂ ਵਿਛਾਉਣ ਦੇਣਗੇ। ਉਨਾਂ ਦੱਸਿਆ ਕਿ ਮਸ਼ੀਨਾਂ ਨੇ ਫਸਲਾਂ ਦਾ ਉਜਾੜਾ ਕਰ ਦਿੱਤਾ ਤੇ ਹੁਣ ਮਸ਼ੀਨਰੀ ਵੀ ਖੇਤਾਂ ’ਚ ਖੜੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮਸ਼ੀਨਾਂ ਬਾਹਰ ਕਰਕੇ ਪਹਿਲਾਂ ਫਸਲਾਂ ਦੇ ਨੁਕਸਾਨ ਦੇ ਢੁੱਕਵੇਂ ਪੈਸੇ ਦਿੱਤੇ ਜਾਣ। ਬੀਕੇਯੂ ਡਕੌਂਦਾ ਦੇ ਮੰਦਰ ਸਿੰਘ ਗਹਿਰੀ ਬੁੱਟਰ, ਮੇਜਰ ਸਿੰਘ ਸੁਖਲੱਧੀ, ਲਖਵਿੰਦਰ ਸਿੰਘ ਰਘੂਬੰਗੀ, ਜਸਪ੍ਰੀਤ ਸਿੰਘ ਨਰੂਆਣਾ, ਜਗਦੀਸ਼ ਦੁਨੇਵਾਲਾ, ਗੁਰਚਰਨ ਸਿੰਘ ਭਗਵਾਨਗੜ ਆਦਿ ਨੇ ਪਾਈਪਲਾਈਨ ਦੀ ਮਾਰ ਹੇਠ ਆਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਇੱਕ ਕਰੋੜ ਰੁਪਏ ਮੁਆਵਜ਼ਾ, ਪਰਿਵਾਰ ਦੇ ਹਰ ਜੀਅ ਨੂੰ ਨੌਕਰੀ, ਫਸਲ ਦੇ ਤਿੰਨ ਸਾਲ ਦੇ ਪੂਰੇ ਮੁਆਵਜ਼ੇ ਦੀ ਰਾਸ਼ੀ ਅਤੇ ਹਰੇਕ ਪੀੜਤ ਪਰਿਵਾਰ ਦਾ ਬੀਮਾ ਕਰਨ ਦੀ ਮੰਗ ਵੀ ਕੀਤੀ ਹੈ।
ਅਸੀਂ ਪੱਖ ਨਹੀਂ ਦੇਣਾ: ਪ੍ਰਜੈਕਟ ਇੰਚਾਰਜ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਬਠਿੰਡਾ ਜਿਲੇ ’ਚ ਪ੍ਰਜੈਕਟ ਦੀ ਦੇਖ ਰਹੇ ਤੇਜ ਸਿੰਘ ਨਾਲ ਕੰਪਨੀ ਦਾ ਪੱਖ ਜਾਨਣ ਲਈ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਕੋਈ ਪੱਖ ਨਹੀਂ ਦੱਸਣਾ ਹੈ ਅਤੇ ਫੋਨ ਕੱਟ ਦਿੱਤਾ।
ਬਜ਼ਾਰ ਕੀਮਤ ਤੋਂ ਵੱਧ ਨਹੀਂ:ਡੀਸੀ
ਡਿਪਟੀ ਕਮਿਸ਼ਨਰ ਬਠਿੰੰਡਾ ਬੀ ਸ਼ੀਨਿਵਾਸਨ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਬਜ਼ਾਰ ਦੇ ਭਾਅ ਮੁਤਾਬਕ ਹੀ ਮੁਆਵਜਾ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਜਿਆਦਾ ਉਹ ਦੇ ਹੀ ਨਹੀਂ ਸਕਦੇ ਹਨ। ਉਨਾਂ ਆਖਿਆ ਕਿ ਪਾਈਪਲਾਈਨ ਦੇ ਉੱਪਰ ਉਸਾਰੀ ਦੀ ਮਨਾਹੀ ਹੈ ਪਰ ਜਮੀਨ ਦੇ ਕਿਸੇ ਹੋਰ ਹਿੱਸੇ ਤੇ ਕੋਈ ਰੋਕ ਨਹੀਂ ਹੈ।
ਰੌਲਾ ਪੈਣ ਤੋਂ ਬਚਾਅ ਲਈ ਗੱਲ ਕਰਵਾਈ
ਡੀਐਸਪੀ ਦਿਹਾਤੀ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨਾਂ ਨੇ ਕੰਪਨੀ ਤੇ ਕਿਸਾਨਾਂ ਦੇ ਪ੍ਰਤੀਨਿਧਾਂ ਨਾਲ ਗੱਲ ਬਾਤ ਕਰਵਾਈ ਸੀ। ਉਨਾਂ ਆਖਿਆ ਕਿ ਪੈਸੇ ਕੰਪਨੀ ਦੇ ਰਹੀ ਹੈ ਉਹ ਕਿਸਾਨਾਂ ਨੂੰ ਪ੍ਰਵਾਨ ਨਹੀਂ ਸਨ। ਉਨਾਂ ਆਖਿਆ ਕਿ ਉਂਜ ਇਸ ਮਸਲੇ ਨਾਲ ਪੁਲਿਸ ਦਾ ਸਿੱਧਾ ਕੋਈ ਸਬੰਧ ਨਹੀਂ ਹੈ ਸਿਰਫ ਹਲਕੇ ’ਚ ਕੋਈ ਰੌਲਾ ਰੱਪਾ ਨਹੀਂ ਵਧਣ ਦੇਣਾ ਚਾਹੁੰਦੀ ਹੈ।