ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 25 ਜੁਲਾਈ। ਕਿਰਤੀ ਕਿਸਾਨ ਯੂਨੀਅਨ ਨੇ 27 ਜੁਲਾਈ ਨੁੂੰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਘਰ ਵੱਲ ਟਰੈਕਟਰ ਮਾਰਚ ਦੀ ਤਿਆਰੀ ਵਜੋਂ ਅੱਜ ਕਿੰਗਰਾ ,ਮੁਮਾਰਾ ,ਚੰਨੀਆਂ ,ਗੁੱਜਰ,ਝੋਕ ਸਰਕਾਰੀ,ਕਾਓੁਣੀ ਵਿੱਚ ਕਿਸਾਨ ਮੀਟਿੰਗਾਂ ਕੀਤੀਆਂ ਅਤੇ ਕਿਸਾਨਾਂ ਨੂੰ ਮਾਰਚ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਬਲਾਕ ਪ੍ਰਧਾਨ ਗੁਰਜੋਤ ਡੋਡ ਨੇ ਕਿਹਾ ਕੇ ਅਨਾਜ ਦੀ ਸਰਕਾਰੀ ਖਰੀਦ ਦਾ ਭੋਗ ਪਾਓੁਣ ਦੇ ਇਰਾਦੇ ਨਾਲ ਪ੍ਰਾਈਵੇਟ ਮੰਡੀਆਂ ਖੋਲੀਆ ਜਾ ਰਹੀਆਂ ਹਨ ਜਿੰਨਾਂ ਵਿੱਚ 8.5 ਫੀਸਦੀ ਟੈਕਸ ਨਹੀ ਲੱਗੇਗਾ ਜੋ ਸਰਕਾਰੀ ਮੰਡੀਆਂ ’ਚ ਆੜਤੀਆਂ ਦੇ ਕਮਿਸ਼ਨ,ਦਿਹਾਤੀ ਵਿਕਾਸ ਫੰਡ ਤੇ ਮਾਰਕੀਟ ਕਮੇਟੀ ਫੀਸ ਦੇ ਰੂਪ ਚ ਲਿਆ ਜਾਂਦਾ ਹੈ। ਉਨਾਂ ਕਿਹਾ ਕਿ ਪ੍ਰਾਈਵੇਟ ਮੰਡੀਆਂ ਚ ਝੋਨੇ ਮਗਰ 154 ਅਤੇ ਕਣਕ 164 ਰੁਪਏ ਪ੍ਰਾਈਵੇਟ ਖਰੀਦ ਏਜੰਸੀਆਂ ਅਤੇ ਵੱਡੇ ਵਪਾਰੀਆਂ ਨੂੰ ਬਚਣਗੇ ਇਸ ਵਿੱਚੋ ਜੇਕਰ ਕਿਸਾਨ ਨੁੂੰ 50 ਰੁਪਏ ਵਪਾਰੀ ਦੇ ਦੇਵੇਗਾ ਤਾਂ ਫੌਰੀ ਤੌਰ ਤੇ ਕਿਸਾਨੀ ਦਾ ਝੁਕਾਅ ਪ੍ਰਾਈਵੇਟ ਮੰਡੀਆਂ ਵੱਲ ਹੋ ਸਕਦਾ ਹੈ ਜਿਸ ਨਾਲ ਮੰਡੀਕਰਨ ਢਾਂਚੇ ਦੇ ਤਬਾਹ ਹੋਣ ਦਾ ਖਦਸ਼ਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦੂਸਰਾ ਆਰਡੀਨੈਂਸ ਪ੍ਰਾਈਵੇਟ ਕੰਪਨੀਆਂ ਅਤੇ ਕਿਸਾਨਾਂ ਦਰਮਿਆਨ ਕਾਂਟਰੈਕਟ ਖੇਤੀ ਵਾਲਾ ਹੈ ਜਿਸ ਤਹਿਤ ਕੰਪਨੀਆਂ ਕਿਸਾਨਾਂ ਤੋਂ ਖੇਤੀ ਕਰਵਾਉਣ ਲਈ ਆਪਣੀ ਮਰਜ਼ੀ ਦਾ ਬੀਜ, ਖਾਦ,ਮਸ਼ੀਨਰੀ ਦੇਣਗੀਆਂ ਅਤੇ ਜਿਨਸ ਦੀ ਕੁਆਲਟੀ ਵੀ ਤਹਿ ਕਰਨਗੀਆਂ ਜਿਸ ਲਈ ਕਿਸਾਨ ਜਿੰਮੇਵਾਰ ਹੋਵੇਗਾ। ਉਨਾਂ ਆਖਿਆ ਕਿ ਵਪਾਰੀ ਫਸਲ ਚ ਨੁਕਸ ਕੱਢ ਕੇ ਕਿਸਾਨ ਦੀ ਫਸਲ ਕੌਡੀਆ ਦੇ ਭਾਅ ਖਰੀਦਣਗੇ ਅਤੇ ਇਸ ਤਰੀਕੇ ਨਾਲ ਛੋਟੀ ਕਿਸਾਨੀ ਨੁੂੰ ਤਬਾਹ ਕਰਕੇ ਖੇਤੀ ਚੋ ਬਾਹਰ ਕਰ ਦਿੱਤਾ ਜਾਵੇਗਾ। ਉਨਾਂ ਿਿਕਹਾ ਕਿ ਇਸੇ ਤਰਾਂ ਬਿਜਲੀ ਬਿੱਲ 2020 ਵੀ ਲਿਆ ਕੇ ਖੇਤੀ ਮੋਟਰਾਂ ਤੇ ਬਿੱਲ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਖੇਤੀ ਖੇਤਰ ਅਤੇ ਪੇਂਡੂ ਮਜ਼ਦੂਰਾਂ ਦੀ ਮੁਆਫੀ ਵੀ ਖਤਮ ਹੋ ਜਾਵੇਗੀ ਅਤੇ ਬਿਜਲੀ ਹੋਰ ਮਹਿੰਗੀ ਹੋਣ ਨਾਲ ਆਮ ਖਪਤਕਾਰ ਵੀ ਰਗੜਿਆ ਜਾਏਗਾ। ਆਗੂਆਂ ਨੇ ਕਿਸਾਨਾਂ ਨੂੰੂ ਵੱਖ ਵੱਖ ਮੁੱਦਿਆਂ ਤੋਂ ਵੀ ਜਾਣੂ ਕਰਵਾਇਆ। ਉਨਾਂ ਕਿਹਾ ਕਿ ਇਸੇ ਕਾਰਨ 27 ਜੁਲਾਈ ਨੂੰ ਪੰਜਾਬ ਦੀਆਂ ਤੇਰਾਂ ਕਿਸਾਨ ਜਥੇਬੰਦੀਆਂ ਵੱਲੋਂ ਆਰਡੀਨੈਂਸ ਰੱਦ ਕਰਵਾਉਣ ਲਈ ਅਕਾਲੀ ਭਾਜਪਾ ਦੇ ਲੀਡਰਾਂ ਦੇ ਘਰਾਂ ਵੱਲ ਟਰੈਕਟਰ ਮਾਰਚ ਕੀਤੇ ਜਾਣਗੇ।