ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ। ਸੈਲਫ਼ ਮੇਡ ਸਮਾਰਟ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੀ ਵਿਦਿਆਰਥਣ ਡਿੰਪਲਪ੍ਰੀਤ ਕੌਰ ਹੁਣ ਸ਼ਬਦ ਗਾਇਨ ਦੇ ਸੂਬਾ ਪੱਧਰੀ ਮੁਕਾਬਲਿਆਂ ’ਚ ਭਾਗ ਲਵੇਗੀ। ਇਸ ਤੋਂ ਪਹਿਲਾਂ ਉਹ ਬਲਾਕ ਪੱਧਰੀ ਸ਼ਬਦ ਮੁਕਾਬਲਿਆਂ ਉਪਰੰਤ ਜ਼ਿਲਾ ਪੱਧਰੀ ਮੁਕਾਬਲਾ ਵੀ ਵੱਡੇ ਫਰਕ ਨਾਲ ਜਿੱਤਣ ’ਚ ਸਫਲ ਹੋਈ ਹੈ। ਗੌਰਤਲਬ ਹੈ ਕਿ ਸਿੱਖਿਆ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮੁਕਾਬਲਿਆਂ ਵਿੱਚੋਂ ਸਭ ਤੋਂ ਪਹਿਲੇ ਸ਼ਬਦ ਗਾਇਨ ਦੇ ਮੁਕਾਬਲੇ ਦੇ ਨਤੀਜੇ ਐਲਾਨੇ ਗਏ ਸਨ ਜਿਸ ਵਿੱਚ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੀ ਵਿਦਿਆਰਥਣ ਡਿੰਪਲਪ੍ਰੀਤ ਕੌਰ ਨੇ ਵੱਡੇ ਫਰਕ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਸੀ।
ਡਿੰਪਲਪ੍ਰੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਦੀ ਚੌਥੀ ਜਮਾਤ ਦੀ ਵਿਦਿਆਰਥਣ ਹੈ ਨੂੰ ਗਾਇਨ ਸਿੱਖਿਆ ਦੀ ਸਿਖਲਾਈ ਦੇ ਰਹੇ ਅਧਿਆਪਕ ਜਗਮੇਲ ਸਿੰਘ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪਿਛਲੇ ਸਾਲ ਤੋਂ ਸ਼ੁਰੂ ਕਰਵਾਈ ਸੰਗੀਤ ਸਿੱਖਿਆ ਦੇ ਕਾਰਨ ਹੀ ਇਹ ਬੱਚੀ ਨੇ ਵੱਡਾ ਮਾਰਕਾ ਮਾਰਿਆ ਹੈ ਕਿਉਂਕਿ ਸ਼ਬਦ ਮੁਕਾਬਲੇ ਲਈ ਉਸਦੀ ਬਕਾਇਦਾ ਸੁਰ ਤਾਲ ਅਤੇ ਸਹੀ ਰਾਗਾਂ ਦੇ ਹਿਸਾਬ ਨਾਲ ਕਾਫੀ ਲੰਮਾਂ ਸਮਾਂ ਤਿਆਰੀ ਵੀ ਕਰਵਾਈ ਗਈ ਸੀ। ਉਨਾਂ ਦੱਸਿਆ ਕਿ ਸਾਨੂੰ ਪੂਰੀ ਉਮੀਦ ਹੈ ਕਿ ਡਿੰਪਲਪ੍ਰੀਤ ਕੌਰ ਪੰਜਾਬ ਪੱਧਰ ਤੇ ਵੀ ਪੁਜੀਸਨ ਹਾਸਿਲ ਕਰਨ ਵਿੱਚ ਵੀ ਕਾਮਯਾਬ ਹੋਵੇਗੀ ।
ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲੇ ਵਿੱਚ ਹੀ ਸਾਨੂੰ ਇਸ ਗੱਲ ਦਾ ਵਿਸ਼ਵਾਸ਼ ਹੋ ਗਿਆ ਸੀ ਕਿ ਇਹ ਬੱਚੀ ਸਟੇਟ ਪੱਧਰ ਤੇ ਮੁਕਾਬਲੇ ਦਾ ਹਿੱਸਾ ਬਣੇਗੀ। ਉਨਾਂ ਦੱਸਿਆ ਕਿ ਪਹਿਲੀ ਜੱਜਮੈਂਟ ਤੋਂ ਬਾਅਦ ਸਟੇਟ ਪੱਧਰ ਤੇ ਜੋ ਨਤੀਜਾ ਸਿੱਖਿਆ ਵਿਭਾਗ ਵੱਲੋਂ ਨਸ਼ਰ ਕੀਤਾ ਗਿਆ ਸੀ ਉਸ ਵਿੱਚ ਪੂਰੇ ਪੰਜਾਬ ਦੇ ਮੁਕਾਬਲੇ ਵਿੱਚ ਇਹ ਬੱਚੀ 85 ਅੰਕਾਂ ਨਾਲ ਚੌਥੇ ਸਥਾਨ ਤੇ ਸੀ। ਡਿੰਪਲਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਸਕੂਲ ਮੁਖੀ ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਜਗਮੇਲ ਸਿੰਘ ਵੱਲੋਂ ਵਿਦਿਆਥਣ ਦਾ ਸਨਮਾਨ ਵੀ ਕੀਤਾ ਗਿਆ।
ਜ਼ਿਲਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ , ਉੱਪ ਜ਼ਿਲਾ ਸਿੱਖਿਆ ਅਫਸਰਾਂ ਬਲਜੀਤ ਸਿੰਘ ਸੰਦੋਹਾ ਅਤੇ ਸ਼ਿਵਪਾਲ ਗੋਇਲ ਨੇ ਵੀ ਇਸ ਵਿਦਿਆਰਥਣ ਅਤੇ ਸਟਾਫ ਨੂੰ ਜ਼ਿਲਾ ਜਿੱਤਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ। ਬਲਾਕ ਗੋਨਿਆਣਾਂ ਦੇ ਬੀਪੀਈਓ ਭਾਲਾ ਰਾਮ ਨੇ ਕਿਹਾ ਕਿ ਕੋਠੇ ਇੰਦਰ ਸਿੰਘ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਛਾਇਆ ਹੋਇਆ ਹੈ ਜਿੰਨਾਂ ’ਚ ਸ਼ਬਦ ਗਾਇਨ ਮੁਕਾਬਲਾ ਜਿੱਤਣ ਨਾਲ ਹੋਰ ਵਾਧਾ ਹੋ ਗਿਆ ਹੈ। ਉਨਾਂ ਅਧਿਆਪਕ ਜਗਮੇਲ ਸਿੰਘ ਅਤੇ ਰਾਜਿੰਦਰ ਸਿੰਘ ਨੂੰ ਵੀ ਵਧਾਈ ਦਿੰਦਿਆ ਕਿਹਾ ਕਿ ਜਿੰਨੀ ਸਖ਼ਤ ਮਿਹਨਤ ਇਹ ਅਧਿਆਪਕ ਬੱਚੇ ਤੇ ਕਰ ਰਹੇ ਹਨ ਤਾਂ ਇਹ ਬੱਚਾ ਰਾਜ ਪੱਧਰੀ ਪੁਜ਼ੀਸਨ ਵੀ ਜਿੱਤੇਗਾ।