ਰਜਨੀ ਵਾਲੀਆ, ਕਪੂਰਥਲਾ
ਉਦੋਂ ਸ਼ਬਦਾਂ ਦਾ ਵਿਸਤਾਰ ਹੁੰਦਾ ਏ,
ਜਦੋਂ ਕੁਦਰਤ ਨਾਲ ਪਿਆਰ ਹੁੰਦਾ ਏ |
ਰੁੱਖਾਂ ਦੇ ਜਦੋਂ ਵੀ ਪੱਤੇ ਹਿੱਲਦੇ,
ਜਾਪੇ ਜਿਉਂ ਦਿਲ-ਦਿਲ ਨਾਲ ਮਿਲਦੇ,
ਮਿਲਾਪ ਸਦਾ ਸਵਿਕਾਰ ਹੁੰਦਾ ਏ |
ਜਦੋਂ ਕੁਦਰਤ ਨਾਲ ਪਿਆਰ ਹੁੰਦਾ ਏ |
ਜਦ ਪਾਣੀਂ ਦਰਿਆਈਂ ਵਗਦਾ ਏ,
ਤਦ ਹਰ ਕੋਈ ਆਪਣਾਂ ਲਗਦਾ ਏ,
ਉਦੋਂ ਸਭ ਤੇ ਇਤਬਾਰ ਹੁੰਦਾ ਏ |
ਜਦੋਂ ਕੁਦਰਤ ਨਾਲ ਪਿਆਰ ਹੁੰਦਾ ਏ |
ਸਦਾ ਰੁੱਖਾਂ ਦੇ ਨਾਲ ਛਾਵਾਂ ਹੁੰਦੀਆਂ,
ਜਿਉਂ ਔਲਾਦ ਨਾਲ ਮਾਵਾਂ ਹੁੰਦੀਆਂ,
ਉਦੋਂ ਸਭ ਕੁਝ ਬਲਿਹਾਰ ਹੁੰਦਾ ਏ |
ਜਦੋਂ ਕੁਦਰਤ ਨਾਲ ਪਿਆਰ ਹੁੰਦਾ ਏ |
ਜਦੋਂ ਕਣੀਆਂ ਮੁੱਖ ਧੋਵਣ ਧਰਤੀ ਦਾ,
ਜਦੋਂ ਹਵਾਵਾਂ ਦੁੱਖ ਢੋਵਣ ਧਰਤੀ ਦਾ,
ਉਦੋਂ ਹਰ ਖੜਕਿਆ ਬਾਰ ਹੁੰਦਾ ਏ |
ਜਦੋਂ ਕੁਦਰਤ ਨਾਲ ਪਿਆਰ ਹੁੰਦਾ ਏ |
ਜੋ ਕੁਦਰਤ ਨਾਲ ਖਿਲਵਾੜ ਕਰਨਗੇ,
ਓ ਆਪਣੀਂ ਕਬਰ ਤਿਆਰ ਕਰਨਗੇ ,
ਰਜਨੀ ਉਹਨਾਂ ਦੇ ਕਦਮੀਂ ਖਾਰ ਹੁੰਦਾ ਏ |
ਜਦੋਂ ਕੁਦਰਤ ਨਾਲ ਪਿਆਰ ਹੁੰਦਾ ਏ |