ਅਸ਼ੋਕ ਵਰਮਾ
ਸ੍ਰ੍ਰੀ ਮੁਕਤਸਰ ਸਾਹਿਬ, 19 ਜੁਲਾਈ। ਕਿਰਤੀ ਕਿਸਾਨ ਯੂਨੀਅਨ ਨੇ 27 ਜੁਲਾਈ ਨੁੂੰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਘਰ ਵੱਲ ਟਰੈਕਟਰ ਮਾਰਚ ਦੀਆਂ ਤਿਆਰੀਆਂ ਲਈ ਪਿੰਡ ਦੀਪ ਸਿੰਘ ਵਾਲਾ ਵਿੱਚ ਢੋਲ ਮਾਰਚ ਕਰਕੇ ਕਿਸਾਨਾਂ ਨੂੰ ਇਸ ਰੋਸ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਬਲਾਕ ਪ੍ਰਧਾਨ ਗੁਰਜੋਤ ਸਿੰਘ ਡੋਡ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਅਤੇ ਕਿਸਾਨੀ ਨੂੰ ਉਜਾੜਨ ਲਈ ਤਿੰਨ ਖਤਰਨਾਕ ਆਰਡੀਨੈਂਸ ਲਿਆਂਦੇ ਹਨ ਜਿਨਾਂ ਦੀ ਹਮਾਇਤ ਅਕਾਲੀ ਦਲ ਕਰ ਰਿਹਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਇਨਾਂ ਆਰਡੀਨੈਸ ਤਹਿਤ ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਖਰੀਦ ਮੰਡੀਆਂ ਖੋਲੀਆਂ ਜਾਣਗੀਆਂ ਜਿੱਥੇ ਸਰਕਾਰੀ ਮੰਡੀਆਂ ਚ ਲੱਗਣ ਵਾਲਾ 8.5 ਫ਼ੀਸਦੀ ਟੈਕਸ ਨਹੀਂ ਹੋਵੇਗਾ ਜੋ ਕਿ ਆੜਤੀਆਂ ਦੇ ਕਮਿਸ਼ਨ,ਦਿਹਾਤੀ ਵਿਕਾਸ ਫੰਡ ਤੇ ਮਾਰਕੀਟ ਕਮੇਟੀ ਫੀਸ ਦੇ ਰੂਪ ਚ ਲਿਆ ਜਾਂਦਾ ਹੈ।
ਉਨਾਂ ਕਿਹਾ ਕਿ ਪ੍ਰਾਈਵੇਟ ਮੰਡੀਆਂ ਚ ਝੋਨੇ ਮਗਰ 154 ਅਤੇ ਕਣਕ 164 ਰੁਪਏ ਪ੍ਰਾਈਵੇਟ ਖਰੀਦ ਏਜੰਸੀਆਂ ਅਤੇ ਵੱਡੇ ਵਪਾਰੀਆਂ ਨੂੰ ਬਚਣਗੇ ਇਸ ਵਿੱਚੋ ਜੇਕਰ ਕਿਸਾਨ ਨੁੂੰ 50 ਰੁਪਏ ਵਪਾਰੀ ਦੇ ਦੇਵੇਗਾ ਤਾਂ ਫੌਰੀ ਤੌਰ ਤੇ ਕਿਸਾਨੀ ਦਾ ਝੁਕਾਅ ਪ੍ਰਾਈਵੇਟ ਮੰਡੀਆਂ ਵੱਲ ਹੋ ਸਕਦਾ ਹੈ ਅਤੇ ਸਰਕਾਰੀ ਮੰਡੀਆਂ ਵਿੱਚ ਅਨਾਜ ਨਾ ਮਾਤਰ ਜਾਣ ਦੀ ਆਸ਼ੰਕਾ ਹੈ ਤੇ ਹੋ ਸਕਦਾ ਉਹ ਵੀ ਨਾਂ ਆਵੇ। ਉਨਾਂ ਕਿਹਾ ਕਿ ਇਸ ਨੂੰ ਆਧਾਰ ਬਣਾ ਕੇ ਸਰਕਾਰ ਸਰਕਾਰੀ ਖਰੀਦ ਮੰਡੀਆਂ ਬੰਦ ਕਰ ਦੇਵੇਗੀ ਅਤੇ ਉਸ ਤੋਂ ਬਾਅਦ ਨਾ ਹੀ ਸਮਰਥਨ ਮੁੱਲ ਰਹੇਗਾ ਅਤੇ ਨਾ ਹੀ ਅਨਾਜ ਦੀ ਸਰਕਾਰੀ ਖਰੀਦ ਰਹੇਗੀ ਅਤੇ ਸਰਕਾਰ ਪੂਰੀ ਤਰਾਂ ਇਸ ਖੇਤਰ ਵਿੱਚੋਂ ਬਾਹਰ ਹੋ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਇਸੇ ਤਰਾਂ ਦੂਸਰਾ ਆਰਡੀਨੈਂਸ ਪ੍ਰਾਈਵੇਟ ਕੰਪਨੀਆਂ ਅਤੇ ਕਿਸਾਨਾਂ ਦਰਮਿਆਨ ਕਾਂਟਰੈਕਟ ਖੇਤੀ ਲਈ ਲਿਆਂਦਾ ਜਾ ਰਿਹਾ ਹੈ।ਜਿਸ ਤਹਿਤ ਕੰਪਨੀਆਂ ਕਿਸਾਨਾਂ ਤੋਂ ਖੇਤੀ ਕਰਵਾਉਣਗੀਆਂ ਕਿਸਾਨਾਂ ਨੂੰ ਆਪਣੀ ਮਰਜ਼ੀ ਦਾ ਬੀਜ, ਖਾਦ,ਮਸ਼ੀਨਰੀ ਦੇਣਗੀਆਂ ਅਤੇ ਜਿਨਸ ਦੀ ਕੁਆਲਟੀ ਵੀ ਤਹਿ ਕਰਨਗੀਆਂ ਜਿਸ ਦੀ ਜਿੰਮੇਵਾਰੀ ਕਿਸਾਨ ਦੀ ਹੋਵੇਗੀ ਤੇ ਵਪਾਰੀ ਫਸਲ ਚ ਨੁਕਸ ਕੱਢ ਕੇ ਕਿਸਾਨ ਦੀ ਫਸਲ ਕੌਡੀਆ ਦੇ ਭਾਅ ਖਰੀਦੇਗਾ। ਉਨਾਂ ਆਖਿਆ ਕਿ ਇਸ ਤਰੀਕੇ ਨਾਲ ਛੋਟੀ ਕਿਸਾਨੀ ਨੁੂੰ ਤਬਾਹ ਕਰਕੇ ਖੇਤੀ ਚੋ ਬਾਹਰ ਕਰ ਦਿੱਤਾ ਜਾਵੇਗਾ।
ਕਿਰਤੀ ਕਿਸਾਨੀ ਯੂਨੀਅਨ ਦੇ ਬਲਾਕ ਸਕੱਤਰ ਜਗੀਰ ਸਿੰਘ ਖਾਲਸਾ ਤੇ ਬਲਵਿੰਦਰ ਰੂਪੇਵਾਲੀਆ ਨੇ ਕਿਹਾ ਕਿ ਇਸੇ ਤਰਾਂ ਬਿਜਲੀ ਬਿੱਲ 2020 ਵੀ ਲਿਆ ਕੇ ਖੇਤੀ ਦੀਆਂ ਮੋਟਰਾਂ ਤੇ ਬਿੱਲ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈਇਸ ਨਾਲ ਕਿਸਾਨੀ ਦੀਆਂ ਮੋਟਰਾਂ ਦੇ ਨਾਲ ਹੀ ਪੇਂਡੂ ਮਜ਼ਦੂਰਾਂ ਦੇ ਦੋ ਸੌ ਯੂਨਿਟ ਦੀ ਮੁਆਫੀ ਵੀ ਖਤਮ ਹੋ ਜਾਵੇਗੀ ਅਤੇ ਇਸ ਨਾਲ ਬਿਜਲੀ ਹੋਰ ਮਹਿੰਗੀ ਹੋਵੇਗੀ ਜਿਸ ਦਾ ਪ੍ਰਭਾਵ ਆਮ ਖਪਤਕਾਰਾਂ ਤੇ ਵੀ ਪਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਗਾਤਾਰ ਝੂਠ ਬੋਲ ਰਹੇ ਹਨ ਕਿ ਇਨਾਂ ਆਰਡੀਨੈਂਸਾਂ ਦੇ ਨਾਲ ਘੱਟੋ ਘਟ ਸਮਰਥਨ ਮੁੱਲੋਂ ਕੋਈ ਖਤਰਾ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮਾਮਲਾ ਸਿਰਫ ਸਮਰਥਨ ਮੁੱਲ ਦਾ ਨਹੀ ਖਰੀਦ ਦੀ ਗਰੰਟੀ ਦਾ ਹੈ। ਉਨਾਂ ਕਿਹਾ ਕਿ ਇਸੇ ਕਾਰਨ 27 ਜੁਲਾਈ ਨੂੰ ਪੰਜਾਬ ਦੀਆਂ ਤੇਰਾਂ ਕਿਸਾਨ ਜਥੇਬੰਦੀਆਂ ਵੱਲੋਂ ਇਨਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਅਕਾਲੀ ਭਾਜਪਾ ਦੇ ਲੀਡਰਾਂ ਦੇ ਘਰਾਂ ਵੱਲ ਟਰੈਕਟਰ ਮਾਰਚ ਕੀਤੇ ਜਾਣਗੇ ਜਿਸ ਦੀਆਂ ਤਿਆਰੀਆਂ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿੱਚ ਢੋਲ ਮਾਰਚ,ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ।