ਅਸ਼ੋਕ ਵਰਮਾ
ਬਠਿੰਡਾ, 18ਜੁਲਾਈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਠਿੰਡਾ ਦੇ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਮੰਡੀਆਂ ਤੋੜਨ ਲਈ ਜਾਰੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ (ਸੋਧ) ਬਿੱਲ 2020 ਖਿਲਾਫ਼ ਰੋਸ ਪ੍ਰਗਟਾਉਣ ਲਈ ਤਲਵੰਡੀ ਸਾਬੋ ਦੀ ਅਨਾਂਜ ਮੰਡੀ ’ਚ ਟਰੈਕਟਰ ਖੜੇ ਕਰਨ ਦੀਆਂ ਤਿਆਰੀਆਂ ਨੂੰ ਤੇਜ ਕਰ ਦਿੱਤਾ ਹੈ। ਯੂਨੀਅਨ ਵੱਲੋਂ ਪਹਿਲਾਂ ਡਿਪਟੀ ਕਮਿਸ਼ਨਰ ਦਫਤਰ ਅੱਗੇੇ ਟਰੈਕਟਰ ਖੜਾਉਣ ਦੀ ਰੂਪ ਰੇਖਾ ਉਲੀਕੀ ਗਈ ਸੀ ਜਿਸ ਨੂੰ ਕਰੋਨਾ ਵਾਇਰਸ ਕਾਰਨ ਬਦਲਿਆ ਗਿਆ ਹੈ। ਜੱਥੇਬੰਦੀ ਦੇ ਸੂਬਾ ਜਰਨਲ ਰਾਮਕਰਨ ਸਿੰਘ ਰਾਮਾਂ ਅਤੇ ਜਿਲਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਨੇ ਆਖਿਆ ਕਿ ਕੋਈ ਕਿਸਾਨ ਕਰੋਨਾਂ ਤੋਂ ਪੀੜਤ ਨਾਂ ਹੋ ਜਾਏ ਇਸ ਲਈ ਜਗਾ ਬਦਲੀ ਗਈ ਹੈ। ਉਨਾਂਦੋਸ਼ ਲਾਇਆ ਕਿ ਮੋਦੀ ਸਰਕਾਰ ਖੇਤੀ ਖੇਤਰ ਨੂੰ ਤਬਾਹ ਕਰਕੇ ਕਿਸਾਨਾਂ ਦੀਆਂ ਜਮੀਨਾ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੇ ਰਾਹ ਪੈ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨਾਂ ਆਖਿਆ ਕਿ ਜਦੋਂ ਇਹ ਆਰਡੀਨੈਂਸ ਕਾਨੂੰਨ ਬਣ ਗਏ ਤਾਂ ਇਸ ਨਾਲ ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਰਹਿ ਜਾਣਗੇ।
ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਦੇ ਆਗੂਆਂ ਵੱਲੋਂ ਐਮਐਸਪੀ ਖਤਮ ਨਾਂ ਕਰਨ ਦੇ ਬਿਆਨਾਂ ਨੂੰ ਗੁੰਮਰਾਹ ਕਰਨ ਦੀ ਚਾਲ ਕਰਾਰ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਣਕ ਅਤੇ ਝੋਨੇ ਦੀ ਖਰੀਦ ਹੀ ਨਹੀਂ ਹੋਵੇਗੀ ਤਾਂ ਉਸ ਐਮਐਸਪੀ ਦਾ ਕੀ ਲਾਭ ਹੋਵੇਗਾ। ਕਿਸਾਨ ਆਗੂ ਨੇ ਕਿਹਾ ਕਿ 20 ਜੁਲਾਈ ਨੂੰ ਕੇਂਦਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ, ਬਿਜਲੀ (ਸੋਧ) ਬਿੱਲ 2020 ਦਾ ਵਿਰੋਧ ਕਰਨ ਲਈ ਅਤੇ ਡੀਜ਼ਲ ਦਾ ਭਾਅ ਘਟਾ ਕੇ ਅੱਧਾ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਕਰੀਬ ਦੋ ਸੌ ਟਰੈਕਟਰ ਡੀਸੀ ਦਡਤਰ ਕੋਲ ਖੜਾ ਕਰਕੇ ਮੰਗ ਪੱਤਰ ਦਿੱਤਾ ਜਾਏਗਾ। ਉਨਾਂ ਕਿਸਾਨਾਂ ਨੂੰ ਇਸ ਕਿਸਾਨੀ ਸੰਕਟ ਦੀ ਘੜੀ ਵਿੱਚ ਆਪੋ ਆਪਣੇ ਟਰੈਕਟਰ ਲੈਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਪੁੱਜਣ ਦਾ ਸੱਦਾ ਦਿੱਤਾ ਅਤੇ ਕਰੋਨਾ ਵਾਇਰਸ ਦੇ ਮਾਮਲੇ ’ਚ ਬਣੇਾਏ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕੋਈ ਢੁੱਕਵਾਂ ਹੱਲ ਨਾਂ ਕੱਢਿਆ ਤਾਂ ਸੰਘਰਸ਼ ਤੇਜ ਕੀਤਾ ਜਾਏਗਾ।