ਰਜਨੀ ਵਾਲੀਆ, ਕਪੂਰਥਲਾ
ਮਾਂ ਬਿਨਾਂ ਤਾਂ ਕਾਂ ਵੀ ਟੁੱਕਰ ਖੋਹ ਲੈਂਦੇ,
ਮਾਂ ਦੇ ਗਲ ਲੱਗ ਦੁੱਖ ਵੀ ਹੌਲੇ ਹੋ ਲੈਂਦੇ |
ਮਾਂ ਬਿਨਾਂ ਤਾਂ ਸੁੰਨੇਂ ਮਹਿਲ ਮੁਨਾਰੇ ਨੇਂ,
ਮਾਂ ਬਿਨਾਂ ਤਾਂ ਖਾਲੀ ਖਜ਼ਾਨੇਂ ਸਾਰੇ ਨੇਂ ,
ਕਰਕੇ ਵੱਸ ਸ਼ਰੀਕ ਖਜ਼ਾਨੇ ਢੋ ਲੈਂਦੇ |
ਮਾਂ ਬਿਨਾਂ ਤਾਂ ਕਾਂ ਵੀ ਟੁੱਕਰ ਖੋਹ ਲੈਂਦੇ
ਮਾਂ ਨਾਲ ਜਿਹੜੇ ਧੀ ਨੇਂ ਦੁੱਖ ਵੰਡਾ ਲੈਣੇਂ,
ਓ ਦੁੱਖ ਮਾਂ ਨੇਂ ਆਪਣੀਂ ਝੋਲੀ ਪਾ ਲੈਣੇਂ,
ਮਾਂ ਦੇ ਗਲ ਲੱਗ ਜਦ ਭੋਲੇ ਦਿਲ ਰੋ ਲੈਂਦੇ |
ਮਾਂ ਬਿਨਾਂ ਤਾਂ ਕਾਂ ਵੀ ਟੁੱਕਰ ਖੋਹ ਲੈਂਦੇ
ਮਾਂਏ ਤੇਰੇ ਵਿਹੜੇ ਛਾਂ ਜੋ ਮਾਣੀਂ ਸੀ,
ਤੈਥੋਂ ਲਈਆਂ ਮੱਤਾਂ ਗੱਲ ਹਰ ਜਾਣੀਂ ਸੀ,
ਅਸੀਂ ਦੁੱਖ ਤੇਰੀਆਂ ਮੱਤਾਂ ਕਰਕੇ ਢੋ ਲੈਂਦੇ |
ਮਾਂ ਬਿਨਾਂ ਤਾਂ ਕਾਂ ਵੀ ਟੁੱਕਰ ਖੋਹ ਲੈਂਦੇ
ਮਾਮੀ ਮਾਂ ਨਾ ਬਣਦੀ ਤਾਈ ਸ਼ਰੀਕ ਹੋਵੇ,
ਚਾਅ ਨਾ ਭੋਰਾ ਕਰਦੀ ਜਨਮ ਤਰੀਕ ਹੋਵੇ,
ਕੋਈ ਨਾ ਸਾਡਾ ਹੋਇਆ ਅਸੀਂ ਕਿਹੜਾ ਹੋ ਲੈਂਦੇ |
ਮਾਂ ਬਿਨਾਂ ਤਾਂ ਕਾਂ ਵੀ ਟੁੱਕਰ ਖੋਹ ਲੈਂਦੇ
ਦੁੱਖ ਜੋ ਧੀ ਦੇ ਮਾਂ ਸਹਿੰਦੀ ਕੋਈ ਸਹਿੰਦਾ ਨਾ,
ਮਾਸੀਆਂ ਨੂੰ ਵੀ ਮਾਂ ਕਦੇ ਕੋਈ ਕਹਿੰਦਾ ਨਾ,
ਭਾਵੇਂ ਰਿਸ਼ਤੇ ਵੱਖੋ-ਵੱਖਰਾ ਮੋਹ ਲੈਂਦੇ |
ਮਾਂ ਬਿਨਾਂ ਤਾਂ ਕਾਂ ਵੀ ਟੁੱਕਰ ਖੋਹ ਲੈਂਦੇ
ਮਾਂ ਤੇਰੇ ਪੈਰਾਂ ਦੇ ਵਿੱਚ ਜੰਨਤ ਵੱਸਦੀ ਏ,
ਮਾਂ ਤੇਰੇ ਪੈਰਾਂ ਦੇ ਵਿੱਚ ਕੁਦਰਤ ਹੱਸਦੀ ਏ,
ਤਾਰ ਤੇਰੇ ਰਜਨੀ ਦੇ ਦਿਲ ਨੂੰ ਛੋਹ ਲੈਂਦੇ |
ਮਾਂ ਬਿਨਾਂ ਤਾਂ ਕਾਂ ਵੀ ਟੁੱਕਰ ਖੋਹ ਲੈਂਦੇ