ਅਸ਼ੋਕ ਵਰਮਾ
ਬਠਿੰਡਾ 17 ਜੁਲਾਈ : ਪਿੰਡ ਖਿਓਵਾਲੀ ਵਿਖੇ ਕਤਲ ਕੀਤੇ ਮਜਦੂਰ ਕਾਕਾ ਸਿੰਘ ਦੇ ਕਾਤਲਾਂ ਨੂੰ ਗਿ੍ਰਫਤਾਰ ਨਾਂ ਕਰਨ ਨੂੰ ਲੈਕੇ ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਵੱਲੋਂ ਸੰਘਰਸਸੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਲੰਬੀ ਥਾਣੇ ਦੇ ਅੱਗੇ ਧਰਨਾ ਦੇਣ ਦੇ ਮਾਮਲੇ ’ਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਲੇ ਸਖਤ ਵਤੀਰਾ ਅਪਣਾ ਲਿਆ ਹੈ। ਸਹਾਇਕ ਥਾਣੇਦਾਰ ਅਮਰ ਸਿੰਘ ਦੀ ਸਕਾਇਤ ਤੇ ਥਾਣਾ ਲੰਬੀ ’ਚ ਧਾਰਾ 188,269,270 ਤਹਿਤ ਸਕੇ ਭਰਾਵਾਂ ਜਗਸੀਰ ਰਾਮ ਤੇ ਕਸ਼ਮੀਰ ਰਾਮ ਪੁੱਤਰਾਨ ਮਿੱਡਾ ਰਾਮ ਅਤੇ ਬਲਵਿੰਦਰ ਸਿੰਘ ਤੇ ਗੁਰਮੀਤ ਰਾਮ ਪੁੱਤਰਾਨ ਪੂਰਨ ਰਾਮ ਵਾਸੀ ਖਿਉਵਾਲੀ ਤੋਂ ਇਲਾਵਾ 20-25 ਅਣਪਛਾਤੇ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ।ਐਫਆਈਆਰ ਅਨੁਸਾਰ ਇਨਾਂ ਨੇ ਆਪਣੇ ਸਾਥੀਆਂ ਨਾਲ ਥਾਣੇ ਅੱਗੇ ਧਰਨਾ ਦਿੱਤਾ ਅਤੇ ਇਕੱਠ ਕਰਕੇ ਧਾਰਾ 144 ਤੇ ਡਿਪਟੀ ਕਮਸ਼ਿਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਖਿਓਵਾਲੀ ’ਚ ਲੰਘੀ 6 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ 5 ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਜਦੋਂਕਿ ਛੇ ਵਿਅਕਤੀ ਅਜੇ ਵੀ ਪੁਲਿਸ ਦੀ ਪਹੰਚ ਤੋਂ ਬਾਹਰ ਹਨ। ਪੀੜਤ ਪ੍ਰੀਵਾਰ ਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਸਮੂਹ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕਰ ਰਹੀਆਂ ਹਨ। ਪੀੜਤ ਪ੍ਰੀਵਾਰ ਦਾ ਕਹਿਣਾ ਹੈ ਕਿ ਕਤਲ ਦੇ ਦੋਸ਼ੀ ਕਥਿਤ ਪੈਸੇ ਤੇ ਸਿਆਸੀ ਜੋਰ ਕਾਰਨ ਬਚਾਏ ਜਾ ਰਹੇ ਹਨ ਅਤੇ ਦੋ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਨੇ ਮੁਲਜਮਾਂ ਨੂੰ ਗਿ੍ਰਫਤਾਰ ਨਹੀਂ ਕੀਤਾ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਮੁਲਜਮਾਂ ਦਾ ਕਥਿਤ ਪੱਖ ਪੂਰ ਰਹੀ ਹੈ।
ਉਨਾਂ ਆਖਿਆ ਕਿ ਲੰਬੀ ਪੁਲਿਸ ਵੱਲੋਂ ਦਰਜ ਕੇਸਾਂ ਦੀ ਪ੍ਰਵਾਹ ਨਹੀਂ ਕੀਤੀ ਜਾਏਗੀ ਅਤੇ ਕਾਤਲਾਂ ਦੀ ਗਿ੍ਰਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ। ਆਗੂਆਂ ਨੇ ਕਿਹਾ ਕਿ ਪੁਲਿਸ ਦੀ ਅਪਰਾਧੀਆਂ ਨਾਲ ਕਥਿਤ ਮਿਲੀਭੁਗਤ ਦਾ ਹੀ ਸਿੱਟਾ ਹੈ ਕਿ ਕਤਲ ਲਈ ਜਿੰਮੇਵਾਰ ਐਨਾਂ ਸਮਾਂ ਲੰਘਣ ਦੇ ਬਾਵਜੂਦ ਕਾਬੂ ਨਹੀਂ ਕੀਤੇ ਹਨ। ਉਹਨਾਂ ਆਖਿਆ ਕਿ ਖਿਓਵਾਲੀ ਕਤਲ ਮਾਮਲੇ ’ਚ ਵਫਦਾਂ ਵੱਲੋਂ ਪੁਲਿਸ ਅਧਿਕਾਰੀਆਂ ਕੋਲ ਚਾਰਾਜੋਈ ਕਰਨ ਦੇ ਬਾਵਜੂਦ ਕਾਤਲਾਂ ਨੂੰ ਗਿ੍ਰਫਤਾਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨਾਂ ਚਿੰਤਾ ਜਤਾਈ ਕਿ ਪੁਲਿਸ ਦੀ ਕਾਰਗੁਜਾਰੀ ਕਾਰਨ ਇਸ ਇਲਾਕੇ ਚ ਦਿਨੋ-ਦਿਨ ਅਪਰਾਧਾਂ ਚ ਵਾਧਾ ਹੋ ਰਿਹਾ ਹੈ ਜਦੋਂਕਿ ਪੀੜਤ ਇਨਸਾਫ ਲਈ ਠੋਕਰਾਂ ਖਾਂਦੇ ਫਿਰ ਰਹੇ ਹਨ ਅਤੇ ਦੋਸ਼ੀਆਂ ਦੇ ਸ਼ਰੇਆਮ ਘੁੰਮਣ ਦਾ ਸਿਲਸਿਲਾ ਜਾਰੀ ਹੈ।
ਓਧਰ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਅਮਰ ਸਿੰਘ ਦਾ ਕਹਿਣਾ ਸੀ ਕਿ ਲੰਬੀ ਥਾਣੇ ਅੱਗੇ ਦਿੱਤੇ ਧਰਨੇ ਨੂੰ ਲੈਕੇ ਪੁਲਿਸ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕੋਈ ਗਿ੍ਰਫਤਾਰੀ ਨਹੀਂ ਕੀਤੀ ਗਈ ਹੈ। ਉਨਾਂ ਆਖਿਆ ਕਿ ਖਿਓਵਾਲੀ ਕਤਲ ਸਬੰਧੀ ਛੇ ਮੁਲਜਮ ਗਿ੍ਰਫਤਾਰ ਕਰਨ ਵਾਲੇ ਹਨ ਜਿੰਨਾਂ ਦੀ ਗਿ੍ਰਫਤਾਰੀ ਲਈ ਯਤਨ ਜਾਰੀ ਹਨ। ਉਨਾਂ ਇਲਜਾਮਾਂ ਨੂੰ ਬੇਬੁਨਿਆਦ ਦੱਸਿਆ ਹੈ।