
ਮਨਦੀਪ ਕੌਰ ਭੰਮਰਾ
ਨਵੇਂ ਰਾਹ ਉੱਸਰਨ ਅਤੇ ਨਵੀਆਂ ਹੀ ਸੋਚਾਂ ਹੋਣ,
ਨਵੀਂਆਂ ਨਕੋਰ ਫਿਰ ਜੋ ਨਵੀਆਂ ਉਹ ਸੋਚਾਂ ਹੋਣ,
ਦਿਨ ਸਾਡੇ ਆਉਣ ਰੋਜ਼ ਜੱਗ ‘ਤੇ ਹੁਲਾਰਾਂ ਵਾਲ਼ੇ,
ਜ਼ਿੰਦਗੀ ਦੇ ਨਵੇਂ ਪੰਨੇ ‘ਤੇ ਨਵੀਆਂ ਹੀ ਲੋਚਾਂ ਹੋਣ!
ਸਭ ਦੀਆਂ ਸੋਚਾਂ ਵਿੱਚ ਉੱਜਲੇ ਜੇਹ ਖੁਆਬ ਹੋਣ,
ਸਭ ਨਾਲ਼ ਪਿਆਰ ਹੋਵੇ ਨਾ ਕਿਸੇ ਨਾਲ਼ ਯੱਬ੍ਹ ਹੋਣ,
ਨਿੱਘੀ ਜਹੀ ਸਾਂਝ ਹੋਵੇ ਮਿੱਠਾ ਜਿਹਾ ਸੁਭਾਅ ਹੋਵੇ,
ਸੰਦਲੀ ਜੀਹ ਸੋਚ ਹੋਵੇ ਅਪਣੱਤ ਵਾਲ਼ੇ ਰਾਗ ਹੋਣ!
ਕੁੜੀਆਂ ਦੇ ਕਾਸ਼ਣੀ ਦੁੱਪਟਿਆਂ’ਤੇ ਪੀਲ਼ੇ ਫੁੱਲ ਹੋਣ,
ਅੱਲੜ੍ਹ ਵਰੇਸ ਵਿੱਚ ਉਹਨੂੰ ਕੋਈ ਵੀ ਨਾ ਦੁੱਖ ਹੋਣ,
ਰੂਹ ਵਾਲ਼ਾ ਹਾਣ ਲੱਭੇ ਉਹ ਜੱਗ ਤੋਂ ਨਿਆਰਾ ਲੱਗੇ,
ਸਾਰੀ ਸਾਡੀ ਉਮਰਾ ‘ਚ ਫੇਰ ਢੇਰ ਸਾਰੇ ਸੁੱਖ ਹੋਣ!
ਅੰਬਰਾਂ ‘ਚ ਸੋਚ ਜਾਵੇ ਸੁਪਨਿਆਂ ‘ਚ ਅੰਬਰ ਹੋਣ,
ਚਿੱਤ’ਚ ਖ਼ੁਮਾਰੀ ਹੋਵੇ ਖ਼ੁਮਾਰੀਆਂ ‘ਚ ਭੰਵਰ ਹੋਣ,
ਖੁਸ਼ੀਆਂ ਦੇ ਖ਼ਜ਼ਾਨੇ ਫਿਰ ਸਾਡਿਆਂ ਹੱਥਾਂ ‘ਚ ਹੋਣ,
ਬਾਣੀ ਹੋਵੇ ਗੁਰਾਂ ਦੀ ਉੱਤੇ ਚੰਦਨਾਂ ਦੇ ਚਵਰ ਹੋਣ!
ਕਵੀਆਂ ਦੀ ਕਦਰ ਹੋਵੇ ਪਰ ਕਲਮਾਂ ਕਮਾਲ ਹੋਣ,
ਗੁਰੂ ਦੀਆਂ ਰਹਿਮਤਾਂ ਜੇਕਰ ਅਪਰ ਅਪਾਰ ਹੋਣ,
ਸੁੱਚੇ ਜਹੇ ਮੋਤੀ ਜੜਦੀ ਰਵ੍ਹਾਂ ਗੁਰੂ ਜੀ ਦੀ ਕਿਰਪਾ,
ਵਿਕੇ ਨਾ ਕਲਮ ਕਦੇ ਨਾ ਕਵੀ ਕਦੀ ਮਜਬੂਰ ਹੋਣ!
ਸੋਚਾਂ ਵਿੱਚ ਆਉਣ ਜਾਣ ਨਵੇਂ ਜਿਹ ਖਿਆਲ ਹੋਣ,
ਕੁੱਝ ਹੋਣ ਜੱਗ ਵਾਲ਼ੇ ਤੇ ਕੁੱਝ ਆਪਣੇ ਵਿਚਾਰ ਹੋਣ,
ਕਵਿਤਾ ਦਾ ਸੰਗ ਹੋਵੇ ਰੋਜ਼ ਮੈਂ ਨਵੀਂ ਲਿਖਦੀ ਰਹਾਂ,
ਬੁੱਧ’ਚ ਨਿਖਾਰ ਹੋਵੇ ਭਾਵਾਂ ਵਿੱਚ ਨਵੇਂ ਤਾਲ ਹੋਣ!
ਸਾਰਾ ਹੀ ਕਮਾਲ ਹੁੰਦਾ ਸੋਚ ਦਾ ਜੇ ਸੋਚਾਂ ਨੇਕ ਹੋਣ,
ਨੇਤਾ ਹੋਵੇ ਉੱਚੀ ਸੋਚ ਵਾਲ਼ਾ ਤੇ ਨਾ ਦੁਖੀ ਲੋਕ ਹੋਣ,
ਰੂਹ ਹੋਵੇ ਖਿੜੀ ਹੋਵੇ ਤੇ ਮੱਥੇ ਵਿੱਚ ਨਿਰਾ ਨੂਰ ਹੋਵੇ,
ਰੌਸ਼ਨੀ ਦੇ ਪੁੱਤ ਹੋਣ ਦੇਸ਼ ਕੋਲ਼ੇ ਇੱਕ ਤੇ ਅਨੇਕ ਹੋਣ!
-ਮਨਦੀਪ ਕੌਰ ਭੰਮਰਾ