ਐਸ.ਡੀ.ਐਮ ਅਤੇ ਡੀ.ਐਸ.ਪੀ. ਗਿੱਦੜਬਾਹਾ ਨੂੰ ਕਾਰਨ ਦੱਸੋ ਨੋਟਿਸ
ਅਸ਼ੋਕ ਵਰਮਾ
ਗਿੱਦੜਬਾਹਾ,15 ਜੁਲਾਈ। ਗਿੱਦੜਬਾਹਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਤਾਜਪੋਸ਼ੀ ਸਮਾਗਮ ਦੌਰਾਨ ਮਾਸਕ ਅਤੇ ਆਪਸੀ ਦੂਰੀ ਦੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਗਿੱਦੜਬਾਹਾ ਪੁਲਿਸ ਵਲੋਂ ਕੋਰੋਨਾ ਵਾਇਰਸ ਦੇ ਨਿਯਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੋਰੋਨਾ ਨਿਯਮਾਂ ਦੀ ਉਲੰਘਣਾ ਦੀ ਅਣਦੇਖੀ ਪਾਏ ਜਾਣ ਦੇ ਸਬੰਧ ਵਿੱਚ ਜਿਲਾ ਮੈਜਿਸਟਰੇਟ ਸ੍ਰ੍ਰੀ ਮੁਕਤਸਰ ਸਾਹਿਬ ਨੇ ਐਸ.ਡੀ.ਐਮ ਅਤੇ ਡੀ.ਐਸ.ਪੀ. ਗਿੱਦੜਬਾਹਾ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਆਮ ਤੌਰ ਤੇ ਪੁਲਿਸ ਪ੍ਰਸ਼ਾਸ਼ਨ ਸੱਤਾਧਾਰੀ ਧਿਰ ਨਾਲ ਸਬੰਧਤ ਮਾਮਲਿਆਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਪਰ ਮੁਕਤਸਰ ਪ੍ਰਸ਼ਾਸ਼ਨ ਨੇ ਪਹਿਲੀ ਵਾਰ ਏਨੀ ਸਖਤ ਕਾਰਵਾਈ ਅਮਲ ’ਚ ਲਿਆਂਦੀ ਹੈ।
ਇਸ ਤੋਂ ਕੁੱਝ ਦਿਨ ਪਹਿਲਾਂ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਖਿਲਾਫ ਵੀ ਇਸੇ ਤਰਾਂ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਇਹ ਕਾਰਵਾਈ ਜਗਮੋਹਨ ਸਿੰਘ ਏ.ਡੀ.ਓ ਕਮ ਸਪੈਸ਼ਲ ਕਾਰਜਕਾਰੀ ਡਿਊਟੀ ਮੈਜਿਸਟਰੇਟ ਜੋ ਕਿ ਵਾਰਡ ਨੰਬਰ 1 ਤੋਂ 5 ਗਿੱਦੜਬਾਹਾ ਲਈ ਤਾਇਨਾਤ ਹਨ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਕਾਰਜਕਾਰੀ ਡਿਊਟੀ ਮੈਜਿਸਟਰੇਟ ਨੇ ਸ਼ਕਾਇਤ ’ਚ ਦੱਸਿਆ ਸੀ ਕਿ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਤਾਜਪੋਸੀ ਸਮਾਰੋਹ ਦੌਰਾਨ ਸੋਸ਼ਲ ਡਿਸਟੈਂਸ ਦਾ ਖਿਆਲ ਨਹੀਂ ਰੱਖਿਆ ਅਤੇ ਮਾਸਕ ਦੀ ਵਰਤੋ ਨਹੀਂ ਕੀਤੀ ਹੈ। ਸਬੰਧੀ, ਗਿੱਦੜਬਾਹਾ ਥਾਣਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 188, 269, 270, 271 ਆਈ.ਪੀ.ਸੀ ਅਤੇ ਸੈਕਸਨ 3 ਐਪੀਡੈਮਿਕ ਡਿਜੀਜ ਐਕਟ 1897 ਤਹਿਤ ਦਰਜ ਕਰਵਾਇਆ ਗਿਆ ਹੈ।

ਨਿਯਮਾਂ ਦੀ ਉਲੰਘਣਾ ਬਰਦਾਸ਼ਤਨਹੀਂ:ਡੀਐਮ
ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਨੇ ਦੱਸਿਆਂ ਕਿ ਅਗਰ ਕੋਈ ਵਿਅਕਤੀ ਜ਼ਿਲੇ ਵਿੱਚ ਕੋਰੋਨਾ ਵਾਇਰਸ ਦੇ ਨਿਯਮਾਂ ਦੇ ਵਿਰੁੱਧ ਗਤੀਵਿਧੀ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਨਿਯਮਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਉਹ ਇਕੱਠ ਨਾ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ ਵਾਰ ਸਾਬਣ ਨਾਲ ਹੱਥ ਸਾਫ ਕਰਨ, ਸੈਨੀਟਾਈਜ਼ਰ ਦੀ ਵਰਤੋ ਕਰਨ, ਮਾਸਕ ਲਗਾ ਕੇ ਰੱਖਣ ਤਾਂ ਜੋ ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।