ਅਸ਼ੋਕ ਵਰਮਾ
ਬਠਿੰਡਾ,14 ਜੁਲਾਈ। ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ‘ਆਰਟੀਫਿਸ਼ਲ ਇੰਟੈਲੀਜੈਂਸ’ ਅਤੇ ਮਸ਼ੀਨ ਲਰਨਿੰਗ’ ਬਾਰੇ ਦੋ ਰੋਜ਼ਾ ਅੰਤਰਰਾਸ਼ਟਰੀ ਵੈਬੀਨਾਰ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ ਜਿਸ ਦਾ ਉਦੇਸ਼ ਕੰਪਿਊਟਰ ਸਾਇੰਸ ਅਤੇ ਹੋਰ ਵਿਸ਼ਿਆਂ ਦੇ ਫੈਕਲਟੀ ਮੈਂਬਰਾਂ ਨੂੰ ‘ਆਰਟੀਫਿਸ਼ਲ ਇੰਟੈਲੀਜੈਂਸ’ ਦੀ ਪ੍ਰਮੁੱਖਤਾ ਅਤੇ ਮਸ਼ੀਨ ਲਰਨਿੰਗ ਵਿਚ ਇਸ ਦੇ ਆਧੁਨਿਕ ਉਪਯੋਗ ਬਾਰੇ ਸੰਪੂਰਨ ਸਮਝ ਪ੍ਰਦਾਨ ਕਰਨਾ ਸੀ। ਇਹ ਵੈਬੀਨਾਰ ਮੋਰਾਕੋਨ ਸੁਸਾਇਟੀ ਆਫ਼ ਇੰਜੀਨੀਅਰਿੰਗ ਸਾਇੰਸਜ਼ ਐਂਡ ਟੈਕਨਾਲੋਜੀ, ਮੋਰਾਕੋ, ਸਾਇੰਟਿਫਿਕ ਇਨੋਵੇਸ਼ਨ ਰਿਸਰਚ ਗਰੁੱਪ (ਐਸ.ਆਈ.ਆਰ.ਜੀ.), ਇਜ਼ਿਪਟ, ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ, ਚੰਡੀਗੜ (ਭਾਰਤ) ਅਤੇ ਇੰਸਟੀਚਿਊਟ ਆਫ਼ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਜ਼ (ਆਈ.ਈ.ਈ.ਈ.), ਵਾਟਰਲੂ-ਕਿਚਨਰ ਸੈਕਸ਼ਨ, ਕੈਨੇਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਬਾਬਾ ਫ਼ਰੀਦ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਮਨੀਸ਼ ਬਾਂਸਲ ਦੀ ਨਿਗਰਾਨੀ ਹੇਠ ਕਰਵਾਏ ਗਏ ਇਸ ਵੈਬੀਨਾਰ ਵਿੱਚ 29 ਦੇਸ਼ਾਂ, 28 ਰਾਜਾਂ, 5 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, 30 ਵੱਡੇ ਸ਼ਹਿਰਾਂ ਤੋਂ 10 ਆਈ.ਆਈ.ਟੀਜ਼. ਅਤੇ ਐਨ.ਆਈ.ਟੀਜ਼., 57 ਅੰਤਰਰਾਸ਼ਟਰੀ ਯੂਨੀਵਰਸਿਟੀਆਂ, 100 ਤੋਂ ਵਧੇਰੇ ਭਾਰਤੀ ਯੂਨੀਵਰਸਿਟੀਆਂ ਅਤੇ 13 ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਦੇ ਭਾਗੀਦਾਰਾਂ ਨੇ ਹਿੱਸਾ ਲਿਆ।
ਪਹਿਲੇ ਦਿਨ ਬਾਬਾ ਫ਼ਰੀਦ ਕਾਲਜ ਦੇ ਡੀਨ (ਸਾਇੰਸਜ਼) ਡਾ. ਅਮਨਦੀਪ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਨਾਲ ਇਸ ਵੈਬੀਨਾਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ. ਮਨੀਸ਼ ਗੋਇਲ, ਨੇ ਹੁਨਰ ਵਿਕਾਸ ਦੇ ਸੰਬੰਧ ਵਿੱਚ ਬੀ.ਐਫ.ਜੀ.ਆਈ. ਦੀ ਦਿ੍ਰਸ਼ਟੀ ਅਤੇ ਉਦਯੋਗਿਕ ਸਹਿਯੋਗ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ, ਚੰਡੀਗੜ ਤੋਂ ਪ੍ਰੋ.(ਡਾ.) ਯੁਮਨਮ ਜੈਯੰਤ ਨੇ ‘ਆਰਟੀਫਿਸ਼ਲ ਇੰਟੈਲੀਜੈਂਸ ਆਧਾਰਿਤ ਮਾਡਲਿੰਗ ਪ੍ਰਕਿਰਿਆ ਅਤੇ ਇਸ ਦੇ ਭਵਿੱਖ’ ਬਾਰੇ ਪੇਸ਼ਕਾਰੀ ਦਿੱਤੀ। ਮੋਰਾਕੋ ਤੋਂ ਪ੍ਰੋ. (ਡਾ.) ਹਾਨਾ ਹਾਚੀਮੀ ਨੇ ‘ਆਰਟੀਫਿਸ਼ਲ ਇੰਟੈਲੀਜੈਂਸ ਐਪਲੀਕੇਸ਼ਨਾਂ ਲਈ ਬਾਇਓ-ਪ੍ਰੇਰਿਤ ਐਲਗੋਰਿਥਮ ਦੀ ਵਰਤੋਂ ਨਾਲ ਗਲੋਬਲ ਆਪਟੀਮਾਈਜ਼ੇਸ਼ਨ’ ਵਿਸ਼ੇ ‘ਤੇ ਪੇਸ਼ਕਾਰੀ ਦਿੱਤੀ । ਭਾਰਤ ਦੇ ਪ੍ਰੋ. (ਡਾ.) ਕੇ. ਮਾਰਟਿਨ ਸਗਾਯਾਮ ਨੇ ‘ਵਰਚੂਅਲ ਰਿਐਲਟੀ ਐਪਲੀਕੇਸ਼ਨਾਂ ਲਈ ਕੰਪਿਊਟਰ ਵਿਜ਼ਨ ਐਲਗੋਰਿਥਮ ਆਧਾਰਿਤ ਹੈਂਡ ਸੰਕੇਤ ਟੈਕਨਾਲੋਜੀ’ ਬਾਰੇ ਪੇਸ਼ਕਾਰੀ ਦਿੱਤੀ। ਹਰ ਸੈਸ਼ਨ ਦੇ ਅੰਤ ਵਿੱਚ ਭਾਗੀਦਾਰਾਂ ਅਤੇ ਮੁੱਖ ਬੁਲਾਰਿਆਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ ।
ਦੂਸਰੇ ਦਿਨ ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਮਨੀਸ਼ ਜਿੰਦਲ ਨੇ ਹਾਜ਼ਰੀਨ ਅਤੇ ਪੈਨਲ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਸੈਸ਼ਨ ਦੀ ਸ਼ੁਰੂਆਤ ਕੀਤੀ। ਤੁਰਕੀ ਤੋਂ ਪ੍ਰੋ: (ਡਾ.) ਓਜ਼ੈਨ ਓਜ਼ਰ ਨੇ ‘ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਚ ਗਣਿਤ ਦੀ ਮਹੱਤਤਾ’ ਬਾਰੇ ਪੇਸ਼ਕਾਰੀ ਦਿੱਤੀ। ਈਰਾਨ ਤੋਂ ਪ੍ਰੋ: (ਡਾ.) ਹਾਮਦ ਦਾਈ ਕਸਮਈ ਨੇ ‘ਮਸ਼ੀਨ ਲਰਨਿੰਗ ਦੇ ਰੁਝਾਨ ਅਤੇ ਇਸ ਦੀਆਂ ਐਪਲੀਕੇਸ਼ਨਾਂ’ ਬਾਰੇ ਦੱਸਿਆ । ਭਾਰਤ ਤੋਂ ਪ੍ਰੋ. (ਡਾ.) ਮੇਹਰ ਚੰਦ ਨੇ ‘ਮੈਟਲੈਬ ਦੀ ਵਰਤੋਂ ਕਰਦਿਆਂ ਨਿਗਰਾਨ ਅਤੇ ਬਿਨਾਂ ਨਿਗਰਾਨ ਸਿਖਲਾਈ’ ‘ਤੇ ਵੇਰਵੇ ਸਾਂਝੇ ਕੀਤੇ। ਇਸ ਮੌਕੇ ਡਾ: ਉਪਿੰਦਰ ਕੌਰ ਨੇ ਈ-ਸਰਟੀਫਿਕੇਟ ਪ੍ਰਦਾਨ ਕੀਤੇ ਅਤੇ ਵੈਬੀਨਾਰ ਬਾਰੇ ਰਿਪੋਰਟ ਸਾਂਝੀ ਕੀਤੀ । ਅੰਤ ਵਿੱਚ ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ ਮਨੀਸ਼ ਗੁਪਤਾ ਨੇ ਸਮਾਪਤੀ ਭਾਸ਼ਣ ਦਿੱਤਾ ਅਤੇ ਸਾਰੇ ਮਾਹਿਰ ਪੈਨਲਿਸਟ ਮੈਂਬਰਾਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਅਤੇ ਕੰਪਿਊਟਰ ਸਾਇੰਸ ਵਿਭਾਗ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।