ਵਤਨ ਮੇਰੇ ਤੋਂ ਚਿੱਠੀ ਆਈ ਜਿਸ ਨੇ ਬਹੁਤ ਰਵਾਇਆ,
ਰੱਬ ਵਰਗੀ ਮੇਰੀ ਮਾਂ ਦਾ ਚਿਹਰਾ ਮੇਰੇ ਸਾਵੇਂ ਆਇਆ।
ਫਤਿਹ ਬੁਲਾਈ ਲਿਖਤੁਮ ਲਿਖਕੇ ਸੁੱਖ-ਸਾਂਦ ਸੀ ਪੁੱਛੀ,
ਤੇਰੀ ਯਾਦ ਨੇ ਮਾਂ ਤੇਰੀ ਨੂੰ ਹਾੜਾ ਈ ਬਹੁਤ ਸਤਾਇਆ।
ਚੁੱਲਾ – ਚੌਂਕਾ ਕਰਦੀ ਪੁੱਤਰਾ ਹੰਝੂਆਂ ਦੀ ਲੱਪ ਚੋਵਾਂ,
ਖੌਰੇ ਕਿੱਥੇ ਭੁੱਖਾ ਪਿਆਸਾ ਹੋਊ ਮੇਰੀ ਕੁੱਖ ਦਾ ਜਾਇਆ।
ਵਿੱਚ ਪ੍ਰਦੇਸ਼ਾਂ ਕਦੇ ਨਾ ਕੱਲਾ ਆਪਣੇ ਆਪ ਨੂੰ ਸਮਝੀਂ,
ਤੇਰੇ ਸੰਗ ਵੇ ਰਹੂ ਹਮੇਸਾਂ ਤੇਰੇ ਮਾਂ-ਬਾਪ ਦਾ ਸਾਇਆ।
ਧਾਹ ਨਿੱਕਲ ਗਈ ਚਿੱਠੀ ਪੱੜਕੇ ਚੁੰਮ-ਚੁੰਮ ਸੀਨੇ ਲਾਈ,
ਉਸ ਦਿਨ ਤੋਂ ਮੈਂ ਆਪਣੇ ਆਪ ਨੂੰ ਕਦੇ ਨਾ ਕੱਲਾ ਪਾਇਆ।
ਅਮਰਜੀਤ ਕੌਰ ਵਿਰਕ