9.8 C
United Kingdom
Monday, June 8, 2026

More

    ਜਿੰਦਗੀ ਨਾਂ ਨਿਗਲ ਜਾਣ ਬਠਿੰਡਾ ਨਹਿਰ ’ਚ ਲਾਈਆਂ ਡੁਬਕੀਆਂ

    ਅਸ਼ੋਕ ਵਰਮਾ
    ਬਠਿੰਡਾ, 14 ਜੁਲਾਈ । ਆਪਣੀ ਜਾਨ ਤੇ ਪ੍ਰਸ਼ਾਸ਼ਨ ਦੇ ਹੁਕਮਾਂ  ਦੀ ਪ੍ਰਵਾਹ ਨਾ ਕਰਦਿਆਂ ਗਰਮੀ ਤੋਂ ਬਚਣ ਲਈ ਬਠਿੰਡਾ ਨਹਿਰ ’ਚ ਤਾਰੀਆਂ ਲਾਉਣ ਵਾਲੇ ਸਾਵਧਾਨ ਰਹਿਣ,ਇਹ ਸੌਦਾ ਉਨਾਂ ਨੂੰ ਮਹਿੰਗਾ ਪੈ ਸਕਦਾ ਹੈ। ਲੰਘੇ ਸੱਤ ਵਰਿਆਂ ਦੌਰਾਨ ਇਸ ਨਹਿਰ ਤੇ ਨਹਾਉਣ ਦੇ ਚੱਕਰ ’ਚ ਕਰੀਬ ਇੱਕ ਦਰਜਨ ਵਿਅਕਤੀਆਂ ਨੂੰ ਮੌਤ ਨਿਗਲ ਗਈ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਜਾਣਦੇ ਹੋਏ ਵੀ ਨੌਜਵਾਨ ਮੰੁਡੇ ਇਸ ਪਾਸਿਓਂ ਹਟ ਨਹੀਂ ਰਹੇ ਹਨ। ਪੂਹਲਾ ਤੋਂ ਬਠਿੰਡਾ ਤੱਕ ਨਹਿਰ ਦੀ ਪਟੜੀ ਤੇ ਕਈ ਥਾਵਾਂ  ਤਾਂ ਅਜਿਹੀਆਂ ਹਨ ਜਿੱਥੇ ਇੱਕ ਦੂਜੇ ਦੀ ਦੇਖਾ ਦੇਖੀ ਇਹ ਸਿਲਸਿਲਾ ਤੇਜੀ ਫੜਦਾ ਜਾ ਰਿਹਾ ਹੈ। ਬਠਿੰਡਾ ਨਹਿਰ ’ਚ ਇੰਨੀਂ ਦਿਨੀਂ ਪਾਣੀ ਦੀ ਰਫਤਾਰ ਐਨੀ ਜਿਆਦਾ ਤੇਜ ਹੈ ਕਿ ਅੱਖ ਦੇ ਫੋਰੇ ’ਚ ਕਦੋਂ ਹਾਦਸਾ ਵਾਪਰ ਜਾਏ ਕੁੱਝ ਕਿਹਾ ਨਹੀਂ ਜਾ ਸਕਦਾ ਹੈ।
                      ਸਮਾਜਸੇਵੀ ਧਿਰਾਂ ਵੀ ਅਪੀਲ ਕਰ ਚੁੱਕੀਆਂ ਹਨ ਕਿ ਨਹਾਉਣ ਦਾ ਇਹ ਤਰੀਕਾ ਸੁਰੱਖਿਅਤ ਨਹੀਂ ਹੈ ਫਿਰ ਵੀ ਨੌਜਵਾਨ ਬਾਜ ਨਹੀਂ ਆ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਨਹਿਰ ਵਿੱਚ ਨਹਾਉਣ ਵਾਲਿਆਂ ’ਚ ਵੱਡੀ ਗਿਣਤੀ ਬੱਚਿਆਂ ਤੇ ਅੱਲੜ ਉਮਰ ਦੇ ਮੁੰਡਿਆਂ ਦੀ ਹੁੰਦੀ ਹੈ । ਦੇਖਣ ’ਚ ਆਇਆ ਹੈ ਕਿ ਇੰਨਾਂ ਨੌਜਵਾਨਾਂ ਤੇ ਬੱਚਿਆਂ ਨੂੰ ਰੋਜਾਨਾ ਹੀ ਨਹਿਰ ਦੇ ਪੁਲ ਅਤੇ ਹੋਰ ਵੱਖ ਵੱਖ ਥਾਵਾਂ ਤੇਂ ਪੁੱਠੀਆਂ ਸਿੱਧੀਆਂ ਛਾਲਾਂ  ਮਾਰਦਿਆਂ ਦੇਖਿਆ ਜਾ ਸਕਦਾ ਹੈ । ਜਿਲਾ ਪ੍ਰਸ਼ਾਸ਼ਨ ਇਸ ਤਰਾਂ ਦੇ  ਹਾਦਸਿਆਂ  ਨੂੰ ਰੋਕਣ ਲਈ ਬਕਾਇਦਾ ਨਹਿਰਾਂ  ਅਤੇ ਸੂਇਆਂ  ਵਿੱਚ ਨਹਾਉਣ ਅਤੇ ਕੱਪੜੇ ਧੋਣ ਦੀ ਪਾਬੰਦੀ ਦੇ ਹੁਕਮ ਵੀ ਜਾਰੀ ਕਰਦਾ ਹੈ ਪਰ ਸਰਕਾਰੀ ਆਦੇਸ਼ਾਂ ਨੂੰ ਟਿੱਚ ਜਾਣਦਿਆਂ ਨਹਿਰ ਲਾਗੇ ਉਲੰਘਣਾ ਲਗਾਤਾਰ ਜਾਰੀ ਹੈ।
                   ਅੱਜ ਵੀ ਗੱਲਬਾਤ ਦੌਰਾਨ ਬੱਚਿਆ ਨੇ ਬੇਫਿਕਰੀ ਨਾਲ ਕਿਹਾ ਕਿ ਲੋਹੜੇ ਦੀ ਗਰਮੀ ਤੇ ਹੁੰਮਸ ਕਾਰਨ ਨਹਿਰ ਵਿੱਚ ਨਹਾਉਣ ਤੋਂ ਬਿਨਾਂ  ਹੋਰ ਕੋਈ ਚਾਰਾ ਨਹੀਂ ਹੈ । ਗੌਰਤਲਬ ਹੈ ਕਿ ਬਾਰਸ਼ ਤੋਂ ਬਾਅਦ ਬਠਿੰਡਾ ਪੱਟੀ ‘ਚ ਅਜੀਬੋ ਗਰੀਬ ਕਿਸਮ  ਦੀ ਗਰਮੀ ਪੈ ਰਹੀ ਹੈ ਜਿਸਨੇ ਲੋਕਾਂ  ਦੀ ਜਿਉਣਾ ਮੁਹਾਲ ਕੀਤਾ ਹੋਇਆ ਹੈ। ਬਠਿੰਡਾ ’ਚ ਅੱਜ ਵੱਧ ਤੋਂ ਵੱਧ 37 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਇਸੇ ਤਰਾਂ ਹੀ ਘੱਟ ਤੋਂ ਘੱਟ ਤਾਪਮਾਨ 27.4 ਡਿਗਰੀ ਰਿਹਾ। ਅੱਜ ਬਾਅਦ ਦੁਪਹਿਰ ਵਾਤਾਵਰਨ ’ਚ 80 ਫੀਸਦੀ ਨਮੀ ਦਰਜ ਕੀਤੀ ਗਈ ਹੈ ਜਦੋਂਕਿ ਅੱਜ ਘੱਟ ਤੋਂ ਘੱਟ 60 ਫੀਸਦੀ ਰਿਕਾਰਡ ਹੋਈ ਹੇ।  ਮੀਂਹ ਤੋਂ ਬਾਅਦ ਨਿੱਕਲਣ ਲੱਗੀ ਤੇਜ ਧੁੱਪ ਤੇ ਨਮੀ ਕਾਰਨ ਵਾਤਾਵਰਨ ਅਜਿਹਾ ਬਣ ਗਿਆ ਹੈ ਕਿ ਰਾਹਤ ਲਈ ਨਹਾਉਣਾ ਪੈਂਦਾ ਹੈ।

                  ਮਾਪੇ ਜਾਗਰੂਕ ਹੋਣ: ਵਿਜੇ ਗੋਇਲ
    ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਨਹਿਰ ’ਚ ਨਹਾਕੇ ਗਰਮੀ ਲਾਹੁਣ ਦਾ ਢੰਗ ਬੇਸ਼ੱਕ ਸਹੀ ਜਾਪਦਾ ਹੈ ਪ੍ਰੰਤੂ ਇਸ ਤਰਾਂ ਕਰਨ ਕਾਰਨ ਕਿੰਨੇ ਖਤਰੇ ਹਨ , ਇਹ ਨਵਾਂ ਪੋਚ ਸਮਝ ਨਹੀਂ ਰਿਹਾ ਹੈ । ਉਨਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਇਨਾਂ  ਥਾਵਾਂ  ‘ਤੇ ਨਹਾਉਣ ਦੀ ਮਨਾਹੀ ਦੇ ਆਦੇਸ਼ ਦਿੱਤੇ ਹੋਏ ਹਨ ਪਰ ਨੌਜਵਾਨਾਂ ਵੱਲੋਂ ਮਨਾਹੀ ਦੇ ਹੁਕਮਾਂ  ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ਜੋਕਿ ਚਿੰਤਾਜਨਕ ਹੈ । ਸ਼੍ਰੀ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਚੇਤੰਨ ਹੋਣਾ ਚਾਹੀਦਾ ਹੈ ,ਖਾਸ ਤੌਰ ਤੇ ਮਾਪੇ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਵਰਜਣ ਤਾਂ ਦੁਖਦਾਈ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ।

                         ਹੁਣ ਤੱਕ ਹੋਏ ਵੱਡੇ ਹਾਦਸੇ
    ਜੋਧਪੁਰ ਤੋਂ ਬਰਾਤ ’ਚ ਬਠਿੰਡਾ ਆਇਆ10 ਵਰਿਆਂ  ਦਾ ਬੱਚਾ ਤੇ ਉਸ ਦਾ ਚਾਚਾ 5 ਮਈ 2017 ਨੂੰ ਬਠਿੰਡਾ ਨਹਿਰ ’ਚ ਡੁੱਬ ਗਏ ਸਨ ਜਦੋਂਕਿ ਇੱਕ ਬੱਚੇ ਨੂੰ ਬਚਾਅ ਲਿਆ ਗਿਆ ਸੀ।  ਏਦਾਂ ਹੀ 20 ਜੁਲਾਈ 2016 ਨੂੰ ਨਹਿਰ ’ਚ ਨਹਾਉਂਦੇ ਬਲਵਿੰਦਰ ਸਿੰਘ ਵਾਸੀ ਨੇਹੀਆਂ  ਵਾਲਾ ਤੇ ਅੰਗਰੇਜ਼ ਸਿੰਘ ਵਾਸੀ ਪਿੰਡ ਭਾਗ ਸਿੰਘ ਵਾਲਾ (ਫ਼ਰੀਦਕੋਟ) ਡੁੱਬ ਗਏ ਸਨ। ਸਾਲ 2013 ’ਚ ਜਨਤਾ ਨਗਰ ਨਜ਼ਦੀਕ ਕੁਲਦੀਪ ਸਿੰਘ (22)ਵਾਸੀ ਕੋਟਕਪੂਰਾ ਨਹਿਰ ਵਿੱਚ ਨਹਾ ਰਿਹਾ ਸੀ ਤਾਂ ਅਚਾਨਕ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਡੁੱਬ ਗਿਆ। ਸਾਲ 2014 ’ਚ ਵੀ ਦੋ ਬੱਚਿਆਂ ਦੀ ਡੱੁਬਣ ਨਾਲ ਮੌਤ ਹੋ ਗਈ ਸੀ । ਪਰਸ ਰਾਮ ਨਗਰ ਲਾਗੇ ਨਹਾਉਂਦੇ ਦੋ ਬੱਚੇ ਮੌਤ ਦੇ ਮੂੰਹ ਜਾ ਪਏ ਸਨ। ਜੋਧਪੁਰ ਰਜਬਾਹੇ ’ਚ ਨਹਾਉਂਦਾ ਬਠਿੰਡਾ ਦਾ ਲੜਕਾ ਵੀ ਮੌਤ ਦੇ ਮੂੰਹ ਚਲਾ ਗਿਆ ਸੀ । ਇਹ ਕੁਝ ਮਿਸਾਲਾਂ ਹਨ ਗਰਮੀ ਤੋਂ ਬਚਣ ਖਾਤਰ ਕਾਫੀ ਲੋਕਾਂ ਦੀ ਜਿੰਦਗੀ ਬਠਿੰਡਾ ਨਹਿਰ ਦੀ ਭੇਂਟ ਚੜ ਗਈ ਹੈ।

         ਜਾਗਰੂਕਤਾ ਅਤੇ ਸਵੈਜਾਬਤਾ ਹੀ ਹੱਲ : ਐਕਸੀਅਨ
    ਨਹਿਰ ਮੰਡਲ ਬਠਿੰਡਾ ਦੇ ਐਕਸੀਅਨ ਗੁਰਜਿੰਦਰ ਸਿੰਘ ਬਾਹੀਆ ਦਾ ਕਹਿਣਾ ਹੈ ਕਿ ਮਹਿਕਮੇ ਦੇ ਮੁਲਾਜ਼ਮ ਨਹਿਰ ਦੇ ਸ਼ਹਿਰ ਵਾਲੇ ਹਿੱਸਿਆਂ ਵਿੱਚ ਗਸ਼ਤ ਕਰਦੇ ਹਨ ਅਤੇ ਨਹਿਰ ਵਿੱਚ ਨਹਾਉਣ ਤੋਂ ਵਰਜਿਆ ਵੀ ਜਾਂਦਾ ਹੈ ਫਿਰ ਵੀ ਲੋਕ ਹਟਦੇ ਨਹੀਂ ਹਨ। ਉਨਾਂ ਦੱਸਿਆ ਕਿ ਨਹਰੀ ਵਿਭਾਗ ਨੇ ਨਹਿਰ ‘ਤੇ ਚੇਤਾਵਨੀ ਬੋਰਡ ਲਾਏ ਸਨ ਅਤੇ ਨਹਾਉਣ ਦੀ ਮਨਾਹੀ ਕੀਤੀ ਗਈ ਹੈ । ਉਨਾਂ  ਆਖਿਆ ਕਿ ਅਸਲ ’ਚ ਜਾਗਰੂਕਤਾ ਅਤੇ ਸਵੈਜਾਬਤਾ ਹੀ ਇਸ ਸਮੱਸਿਆ ਦਾ ਪੁਖਤਾ ਹੱਲ ਹੈ। ਸ੍ਰੀ ਬਾਹੀਆ ਨੇ ਨੌਜਵਾਨਾਂ ਨੂੰ ਨਹਿਰ ’ਚ ਕੁੱਦਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!