ਮਾਨਯੋਗ ਅਮਰਿੰਦਰ ਸਿੰਘ ਜੀ
ਮੁੱਖ ਮੰਤਰੀ
ਪੰਜਾਬ
ਮੈਂ ਯੂ. ਕੇ. ਦੀ ਇਕ ਬਹੁਤ ਨਾਮਵਰ ਯੂਨੀਵਰਸਿਟੀ ਵਿਚ ਪੀ.ਐਚ.ਡੀ. ਦੀ ਵਿਦਿਆਰਥਣ ਹਾਂ, ਏਹੀ ਮੇਰੀ ਆਪਣੀ ਪਹਿਚਾਣ ਹੈ| ਮੈਂ ਇਹ ਖੁੱਲ੍ਹਾ ਪੱਤਰ ਤੁਹਾਡਾ ਧਿਆਨ ਇਕ ਬਹੁਤ ਹੀ ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਵੱਲ ਖਿੱਚਣ ਲਈ ਲਿਖ ਰਹੀ ਹਾਂ| ਬੇਸ਼ਕ ਮੈਂ ਤੁਹਾਡੇ ਰੁਝੇਵੇਂ ਤੋਂ ਵਾਕਫ਼ ਹਾਂ ਅਤੇ ਇਹ ਜਾਣਦੀ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਅਹਿਮ ਕੰਮ ਹਨ, ਪਰ ਮੈਂ ਸਮਝਦੀ ਹਾਂ ਕਿ ਔਰਤਾਂ ਦੀ ਸੁਰੱਖਿਆ, ਆਤਮ-ਸਨਮਾਨ ਅਤੇ ਗ਼ੈਰਤ ਦੀ ਰੱਖਿਆ ਤੋਂ ਵੱਧ ਅਹਿਮ ਕੁਝ ਨਹੀਂ ਹੋ ਸਕਦਾ| ਕੋਈ ਵੀ ਸਮਾਜ ਤਦ ਤੱਕ ਆਪਣੇ ਆਪ ਨੂੰ ਸਭਿਅਕ ਅਤੇ ਪ੍ਰਗਤੀਸ਼ੀਲ ਨਹੀਂ ਕਹਿ ਸਕਦਾ ਜਦ ਤਕ ਉਸਦੀਆਂ ਔਰਤਾਂ ਦੀ ਦਸ਼ਾ ਅਤੇ ਲੋਕਾਂ ਦਾ ਰਵੱਈਆ ਉਹਨਾਂ ਪ੍ਰਤੀ ਆਦਰ ਸਤਿਕਾਰ ਵਾਲਾ ਨਹੀਂ ਹੁੰਦਾ| ਮੇਰੇ ਇਸ ਖ਼ਤ ਦਾ ਮੁੱਦਾ ਸੁਧੀਰ ਸੂਰੀ ਵਲੋਂ ਪੰਜਾਬ ਦੀਆਂ ਔਰਤਾਂ ਖਿਲਾਫ਼ ਗੰਦੇ ਅਤੇ ਅਪਮਾਨਜਨਕ ਬਿਆਨ ਉਤੇ ਹੈ| ਮੈਂ ਇਸ ਬਾਬਤ ਆਪਣੀ ਸ਼ਿਕਾਇਤ ਸ਼੍ਰੀਮਤੀ ਮਨੀਸ਼ਾ ਗੁਲਾਟੀ, ਚੇਅਰਪਰਸਨ, ਵੂਮੈਨ ਕਮਿਸ਼ਨ ਪੰਜਾਬ, ਨਾਲ ਰਜਿਸਟਰ ਕਰ ਚੁੱਕੀ ਹਾਂ, ਪਰ ਕਿਉਂਕਿ ਤੁਸੀਂ ਪੰਜਾਬ ਦੇ ਮੁਖੀ ਹੋ, ਸੋ ਮੈਂ ਸਮਝਦੀ ਹਾਂ ਕਿ ਤੁਹਾਡੀ ਸ਼ਮੂਲੀਅਤ ਅਜਿਹੇ ਸੰਵੇਦਨਸ਼ੀਲ ਮੁੱਦੇ ਵਿਚ ਅਤੀ ਜ਼ਰੂਰੀ ਹੈ| ਇਸ ਲਈ ਮੈਂ ਆਪਣੇ ਖ਼ਤ ਦੇ ਜਰੀਏ ਇਸ ਮੁੱਦੇ ਦੀ ਨਾਜ਼ੁਕਤਾ ਅਤੇ ਗੰਭੀਰਤਾ ਵੱਲ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ|
ਮੈਨੂੰ ਯਕੀਨ ਹੈ ਕਿ ਤੁਸੀਂ ਸੁਧੀਰ ਸੂਰੀ (ਸ਼ਿਵ ਸੈਨਾ ਦਾ ਪ੍ਰਧਾਨ ) ਵਲੋਂ ਪੰਜਾਬੀ ਔਰਤਾਂ ਖਿਲਾਫ਼ ਬਿਆਨ ਤੋਂ ਜਾਣੂ ਹੋਵੋਗੇ, ਜੇਕਰ ਨਹੀਂ ਤਾਂ ਤੁਹਾਡੇ ਹਵਾਲੇ ਲਈ ਮੈਂ ਇਸ ਪੱਤਰ ਨਾਲ ਵੀਡੀਉ ਨੱਥੀ ਕਰ ਰਹੀ ਹਾਂ| ਸੁਧੀਰ ਸੂਰੀ ਵਲੋਂ ਪੰਜਾਬ ਦੀਆਂ ਉਹਨਾਂ ਔਰਤਾਂ ਬਾਰੇ, ਜਿਨ੍ਹਾਂ ਦੇ ਘਰਵਾਲੇ ਜਾਂ ਘਰ ਦੇ ਆਦਮੀ ਬਾਹਰਲੇ ਮੁਲਕਾਂ ਵਿਚ ਰੋਜ਼ੀ ਰੋਟੀ ਲਈ ਗਏ ਹੋਏ ਹਨ, ਬੇਹੱਦ ਭੱਦੀ ਅਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਹੈ| ਸੁਧੀਰ ਸੂਰੀ ਨੇ ਆਪਣੀ ਵੀਡੀਉ ਵਿਚ, ਆਪਣੇ ਪਤੀਆਂ ਤੋਂ ਦੂਰ ਰਹਿ ਰਹੀਆਂ ਔਰਤਾਂ ਬਾਰੇ ਬੇ-ਬੁਨਿਆਦ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਇਹ ਔਰਤਾਂ ਆਪਣੇ ਪਤੀ ਦੀ ਗੈਰਹਾਜ਼ਰੀ ਵਿਚ ਬਿਹਾਰੀ ਮਜ਼ਦੂਰਾਂ ਨਾਲ ਵਿਭਚਾਰ ਕਰਦੀਆਂ ਹਨ| ਇਹ ਮਨਘੜਤ ਬਿਆਨਬਾਜ਼ੀ ਕਰ ਕੇ ਸੂਰੀ ਪੰਜਾਬੀ ਔਰਤਾਂ ਨੂੰ ਬਦਕਾਰ, ਬੇਵਫ਼ਾ ਅਤੇ ਚਰਿਤ੍ਰਹੀਣ ਵਜੋਂ ਪੇਸ਼ ਕਰ ਰਿਹਾ ਹੈ| ਸੂਰੀ ਸਿੱਖਾਂ ਖਿਲਾਫ਼ ਬਿਆਨਬਾਜ਼ੀ ਪਹਿਲਾਂ ਵੀ ਕਰਦਾ ਰਿਹਾ ਹੈ: ਕਦੇ ਉਹ ਕਹਿੰਦਾ ਹੈ ਕਿ ਇਹ ਸਿਰਫ਼ 2% ਨੇ, ਮਸਲ ਕੇ ਰੱਖ ਦੇਵਾਂਗੇ; ਕਦੇ ਉਹ ਹਿੰਦੂ ਯੁਵਕਾਂ ਨੂੰ ਹਥਿਆਰ ਲੈਣ ਲਈ ਉਕਸਾਉਂਦਾ ਹੋਇਆ ਕਹਿੰਦਾ ਹੈ ਕਿ ਜ਼ਰੂਰਤ ਪੈਣ ਤੇ ਸਿੱਖਾਂ ਖਿਲਾਫ਼ ਵਰਤਣੇ ਪੈਣਗੇ| ਇਸ ਵਾਰ ਉਸਨੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਹੈ, ਬੇਸ਼ਕ ਉਹ ਸਿੱਖ ਔਰਤਾਂ ਬਾਰੇ ਹੀ ਬੋਲ ਰਿਹਾ ਹੈ ਪਰ ਉਹ ਇਹ ਭੁੱਲ ਗਿਆ ਕਿ ਪੰਜਾਬ ਤੋਂ ਬਾਹਰ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਭ ਰੋਜ਼ੀ ਰੋਟੀ ਲਈ ਜਾਂਦੇ ਹਨ| ਇਸ ਲਈ ਉਸਦਾ ਬਿਆਨ ਪੰਜਾਬ ਦੇ ਹਰ ਇਕ ਵਰਗ ਦੀ ਔਰਤ ਤੇ ਲਾਗੂ ਹੁੰਦਾ ਹੈ|
ਪੰਜਾਬ ਦੇ ਤਕਰੀਬਨ ਹਰ ਘਰ ਵਿੱਚੋ ਕੋਈ ਨਾ ਕੋਈ ਮੈਂਬਰ ਬਾਹਰਲੇ ਦੇਸ਼ਾਂ ਵਿਚ ਰਹਿ ਰਿਹਾ ਹੈ, ਇਸ ਵਿਚ ਸੂਰੀ ਦਾ ਇਹ ਕਹਿਣਾ ਕਿ ਜਦੋਂ ਆਦਮੀ ਬਾਹਰਲੇ ਮੁਲਕਾਂ ਵਿਚ ਡਾਲਰ ਕਮਾ ਰਹੇ ਹੁੰਦੇ ਹਨ, ਉਸ ਵੇਲੇ ਉਹਨਾਂ ਦੀਆਂ ਪੰਜਾਬ ਰਹਿੰਦੀਆਂ ਔਰਤਾਂ ਬਿਹਾਰੀ ਮਜ਼ਦੂਰਾਂ ਨੂੰ ਉਹੀ ਡਾਲਰ ਦੇ ਕੇ ਸ਼ਰੀਰਕ ਸੰਬੰਧ ਬਣਾਉਂਦੀਆਂ ਨੇ | ਇਸ ਵਿਚ ਉਹ ਨਾ ਸਿਰਫ਼ ਪੰਜਾਬੀ ਔਰਤਾਂ ਦਾ ਚਰਿਤ੍ਰ ਹਨਨ ਕਰ ਰਿਹਾ ਹੈ ਬਲਕਿ ਬਿਹਾਰੀ ਮਜ਼ਦੂਰਾਂ ਦੇ ਚਰਿਤ੍ਰ ‘ਤੇ ਵੀ ਦਾਗ਼ ਲਗਾ ਰਿਹਾ ਹੈ| ਉਸਦਾ ਇਹ ਬਿਆਨ ਉਸਦੇ ਔਰਤਾਂ ਪ੍ਰਤੀ ਗ਼ਲਤ ਅਤੇ ਨਫ਼ਰਤ ਭਰੇ ਨਜ਼ਰੀਏ ਨੂੰ ਦਰਸਾਉਂਦਾ ਹੈ| ਮੈਂ ਸੂਰੀ ਦੇ ਬਿਆਨ ਨੂੰ ਕੇਵਲ ਸਿੱਖ ਔਰਤਾਂ ਲਈ ਨਹੀਂ ਸਗੋਂ ਪੂਰੇ ਪੰਜਾਬ ਦੀਆਂ ਔਰਤਾਂ ਖਿਲਾਫ਼ ਮੰਨਦੀ ਹਾਂ| ਸੂਰੀ ਦਾ ਨਿਹਾਇਤ ਘਟੀਆ, ਸ਼ਰਮਨਾਕ, ਅਤੇ ਰਿਪ੍ਰੇਸਸਿਵ ਬਿਆਨ ਔਰਤਾਂ ਖਿਲਾਫ਼ ਸੋਚ ਨੂੰ ਪਾਣੀ ਦਿੰਦਾ ਹੈ| ਇਹ ਬਿਆਨ ਔਰਤਾਂ ਲਈ ਇਕ ਨਕਾਰਾਤਮਕ ਰਵੱਈਏ ਨੂੰ ਜਨਮ ਦਿੰਦਾ ਹੋਇਆ ਇਹ ਦਰਸਾਉਂਦਾ ਹੈ ਕਿ ਉਹ ਔਰਤਾਂ ਜੋ ਆਦਮੀ ਤੋਂ ਬਗੈਰ ਰਹਿ ਰਹੀਆਂ ਹੁੰਦੀਆਂ ਹਨ ਉਹ ਵਿਸ਼ਵਾਸਘਾਤੀ ਅਤੇ ਬਦਚਲਣ ਹੁੰਦੀਆਂ ਹਨ, ਇਸ ਲਈ ਮਰਦ ਦੀ ਮੌਜੂਦਗੀ ਉਹਨਾਂ ਨੂੰ ਅਨੁਸ਼ਾਸਨ ‘ਚ ਰੱਖਣ ਲਈ ਜ਼ਰੂਰੀ ਹੈ| ਇਹ ਇਕ ਖ਼ਤਰਨਾਕ ਅਤੇ ਖੌਫ਼ਨਾਕ ਸੋਚ ਹੈ ਜੋ ਨਾ ਕੇਵਲ ਔਰਤਾਂ ਨੂੰ ਬੇਇੱਜ਼ਤ ਕਰਦੀ ਹੈ ਸਗੋਂ ਉਹਨਾਂ ਦੀ ਸੁਰੱਖਿਆ, ਆਤਮਨਿਰਭਰਤਾ ਅਤੇ ਵਿਅਕਤੀਗਤ ਆਜ਼ਾਦੀ ਲਈ ਵੀ ਖ਼ਤਰਾ ਪੈਦਾ ਕਰਦੀ ਹੈ| ਅਜੇਹੀ ਸੋਚ ਵਿੱਚੋਂ ਹੀ ਮਰਦ- ਪ੍ਰਧਾਨਗੀ, ਪਿਤਰਵਾਦ ਅਤੇ ਮਰਦ-ਉੱਤਮਤਾ ਪੈਦਾ ਹੁੰਦੀ ਹੈ ਜੋ ਬਲਾਤਕਾਰ, ਘਰੇਲੂ ਹਿੰਸਾ ਵਰਗੀਆਂ ਕੁਰੀਤੀਆਂ ਨੂੰ ਜਨਮ ਦਿੰਦੀ ਹੈ| ਇਹੋ ਜਿਹੀਆਂ ਬਿਆਨਬਾਜ਼ੀਆਂ ਨਾ ਕੇਵਲ ਔਰਤ ਦੀ ਸਥਿਤੀ ਨੂੰ ਖਰਾਬ ਕਰਦੀਆਂ ਹਨ ਸਗੋਂ ਔਰਤ ਅਤੇ ਮਰਦ ਦੇ ਸਮਾਜਿਕ ਅਤੇ ਆਰਥਿਕ ਰਿਸ਼ਤੇ ਵੀ ਖਰਾਬ ਕਰਦੀਆਂ ਹਨ|
ਮੈਂ ਹੈਰਾਨ ਹਾਂ ਕਿ ਅਜਿਹੇ ਆਦਮੀ ਨੂੰ ਪੁਲਿਸ ਸੁਰੱਖਿਆ ਵੀ ਮਿਲੀ ਹੋਈ ਹੈ| ਬੇਸ਼ਕ ਮੈਂ ਇਸ ਵਿਸ਼ੇ ਦੀ ਮਾਹਰ ਨਹੀਂ ਹਾਂ, ਪਰ ਇਹ ਪੁੱਛਣਾ ਚਾਹਾਂਗੀ ਕਿ ਇਸ ਨੂੰ ਪੁਲਿਸ ਸੁਰੱਖਿਆ ਕਿਸ ਕਾਰਨ ਦਿਤੀ ਗਈ ਹੈ? ਬੇਸ਼ਕ ਮੈਂ ਸੰਵਿਧਾਨ ਵਲੋਂ ਦਿਤੇ ਜਾਂਦੇ (Right to Life ) ਜ਼ਿੰਦਗੀ ਦੇ ਅਧਿਕਾਰ ਤੋਂ ਜਾਣੂ ਹਾਂ। ਪਰ ਕੀ ਗੁੰਡੇ, ਚੋਰ , ਠੱਗ ਜਾਂ ਸਮਾਜ ਵਿਰੋਧੀ ਅਨਸਰਾਂ ਨੂੰ ਇਸ ਅਧਿਕਾਰ ਤੋਂ ਪਹਿਲਾਂ ਆਪਣੇ (fundamental duty ) ਫ਼ਰਜ਼ਾਂ ਦਾ ਖਿਆਲ ਨਹੀਂ ਰੱਖਣਾ ਚਾਹੀਦਾ? ਸੂਰੀ ਪਹਿਲਾਂ ਕਈ ਵਾਰ ਜੇਲ੍ਹ ਜਾ ਚੁੱਕਾ ਹੈ ਅਤੇ ਕਈ ਤਰ੍ਹਾਂ ਦੇ ਪਰਚੇ ਇਸ ਉੱਤੇ ਦਰਜ ਹੋ ਚੁੱਕੇ ਹਨ, ਸ਼ਾਇਦ ਹੁਣ ਵੀ ਹੋਣ| ਇਸ ਦਾ ਦੋਸਤ ਨਿਸ਼ਾਂਤ ਸ਼ਰਮਾ, ਸੁਨਣ ‘ਚ ਆਇਆ ਹੈ ਕਿ ਉਸ ਉੱਤੇ 72 ਪਰਚੇ ਠੱਗੀ ਦੇ ਦਰਜ ਹਨ| ਕੀ ਅਜਿਹੇ ਲੋਕਾਂ ਨੂੰ ਪੁਲਿਸ ਸੁਰੱਖਿਆ ਦਿਤੀ ਜਾਣੀ ਚਾਹੀਦੀ ਹੈ ? ਕੀ ਪੁਲਿਸ ਸੁਰੱਖਿਆ ਦੇ ਰਹਿੰਦੇ ਹੋਏ ਅਜਿਹੇ ਲੋਕਾਂ ਦੇ ਹੌਸਲੇ ਹੋਰ ਨਹੀਂ ਵੱਧ ਜਾਂਦੇ? ਮੈਂ ਆਪ ਜੀ ਨੂੰ ਅਪੀਲ ਕਰਦੀ ਹਾਂ ਕਿ ਇਹਨਾਂ ਦੇ ਆਚਰਣ ਅਤੇ ਕਿਰਦਾਰ ਨੂੰ ਦੇਖਦੇ ਹੋਏ ਇਹਨਾਂ ਦੀ ਸੁਰੱਖਿਆ ਬਾਰੇ ਮੁੜ ਵਿਚਾਰ ਕੀਤਾ ਜਾਵੇ| ਅਜਿਹੇ ਲੋਕ ਪੁਲਿਸ ਨੂੰ ਵੀ ਚੂਨਾ ਲਗਾ ਰਹੇ ਨੇ। ਮੈਂ ਜਿੰਨਾ ਕੁ ਸਮਝਿਆ ਹੈ ਇਹ ਪਹਿਲਾਂ ਆਪ ਜਾਣ ਬੁੱਝ ਕੇ ਕਿਸੇ ਵਿਅਕਤੀ ਵਿਸ਼ੇਸ਼ ਲਈ ਕੁਝ ਅਪਮਾਨਜਨਕ ਗੱਲਾਂ ਬੋਲਦੇ ਹਨ, ਜਦ ਦੂਜੀ ਧਿਰ ਇਹਨਾਂ ਦੀ ਭਾਸ਼ਾ ਵਿਚ ਜਵਾਬ ਦਿੰਦੀ ਹੈ ਤਾਂ ਫਿਰ ਇਹ ਪੁਲਿਸ ਕੋਲ ਜਾ ਪਹੁੰਚਦੇ ਨੇ ਫਰਿਆਦ ਲੈ ਕੇ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈ| ਕੀ ਤੁਹਾਡੀ ਨਜ਼ਰ ਵਿਚ ਇਹ ਧੋਖਾ-ਧੜੀ, ਫਰੇਬ ਨਹੀਂ? ਮੈਂ ਤੁਹਾਨੂੰ ਸਨਿਮਰ ਬੇਨਤੀ ਕਰਦੀ ਹਾਂ ਕਿ ਸ਼੍ਰੀ ਦਿਨਕਰ ਗੁਪਤਾ ਜੀ ਨੂੰ ਦਿਸ਼ਾ ਨਿਰਦੇਸ਼ ਦੇ ਕੇ ਇਹਨਾਂ ਸਮਾਜ ਵਿਰੋਧੀ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਬਾਰੇ ਕਹੋ, ਅਤੇ ਨਾਲ ਹੀ ਪੁਲਿਸ ਸੁਰੱਖਿਆ ਦੀਆਂ ਨੀਤੀਆਂ ਉਤੇ ਮੁੜ ਵਿਚਾਰ ਕੀਤੀ ਜਾਣੀ ਚਾਹੀਦੀ ਹੈ|
ਮੈਂ, ਪੰਜਾਬ ਦੀ ਧੀ ਹੋਣ ਦੇ ਨਾਤੇ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਮਸਲੇ ਵਿਚ ਵਿਅਕਤੀਗਤ ਦਿਲਚਸਪੀ ਲਈ ਜਾਵੇ| ਇਕ ਬਹੁਤ ਉੱਚੀ ਅਤੇ ਸਨਮਾਨਿਤ ਕੁਰਸੀ ‘ਤੇ ਹੋਣ ਕਾਰਨ ਤੁਸੀਂ ਸਾਡੇ ਬਾਹਰ ਬੈਠਿਆਂ ਦੇ ਸਰਪ੍ਰਸਤ ਹੋ, ਅਤੇ ਅਸੀਂ ਆਪਣੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਲਈ ਤੁਹਾਡੇ ਵਲ ਦੇਖਦੇ ਹਾਂ| ਬੇਸ਼ਕ ਮੈਂ ਇਸ ਵੀਡੀਉ ਤੋਂ, ਅਤੇ ਪੁਲਿਸ ਦੀ ਢਿੱਲੀ ਮੱਠੀ ਕਾਰਵਾਈ ਤੋਂ ਬਹੁਤ ਨਿਰਾਸ਼ ਹਾਂ, ਪਰ ਮੈਂ ਯਕੀਨ ਕਰਦੀ ਹਾਂ ਕਿ ਆਪ ਜੀ ਇਕ ਮੁੱਖ ਮੰਤਰੀ, ਸਿੱਖ ਅਤੇ ਇਕ ਪਿਤਾ ਹੋਣ ਦੇ ਨਾਤੇ ਇਸ ਘਿਨਾਉਣੇ ਬਿਆਨ ਅਤੇ ਅਪਰਾਧ ਦੀ ਗੰਭੀਰਤਾ ਨੂੰ ਸਮਝੋਗੇ| ਸੂਰੀ ਚਾਹੇ ਹੁਣ ਇਹ ਕਹਿ ਰਿਹਾ ਹੈ ਕਿ ਵੀਡੀਉ ਨਾਲ ਛੇੜ-ਛਾੜ ਹੋਈ ਹੈ ਪਰ ਮੈਂ ਬੇਨਤੀ ਕਰਦੀ ਹਾਂ ਕਿ ਇਸਦਾ ਫੈਸਲਾ ਜਾਂਚ ਏਜੰਸੀਆਂ ਅਤੇ ਅਦਾਲਤ ‘ਤੇ ਛੱਡਦੇ ਹੋਏ ਇਸ ਵਿਅਕਤੀ ‘ਤੇ ਬਣਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਔਰਤਾਂ ਦੇ ਹੱਕਾਂ ਦੀ, ਉਹਨਾਂ ਦੀ ਸੁਰੱਖਿਆ ਦੀ ਗੱਲ ਕਰਨ ਦਾ ਹੱਕ ਪੰਜਾਬ ਸਰਕਾਰ ਕੋਲ ਨਹੀਂ ਰਹਿ ਜਾਂਦਾ|
ਕਿਰਨਪ੍ਰੀਤ ਕੌਰ ਬਾਠ
ਯੂ.ਕੇ.