ਮਿ੍ਰਤਕਾਂ ’ਚੋਂ ਤਿੰਨ ਇੱਕੋ ਪਿੰਡ ਦੇ
ਅਸ਼ੋਕ ਵਰਮਾ
ਬਠਿੰਡਾ,9ਜੁਲਾਈ। ਬਠਿੰਡਾ ਜਿਲੇ ’ਚ ਮੌੜ-ਰਾਮਪੁਰਾ ਸੜਕ ’ਤੇ ਅੱਜ ਪਿੰਡ ਰਾਮਨਗਰ ਕੋਲ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਹੈ। ਮਿਤਕ ਨੌਜਵਾਨਾਂ ਚੋਂ ਤਿੰਨ ਇੱਕ ਹੀ ਪਿੰਡ ਜੱਜਲ ਨਾਲ ਸਬੰਧਤ ਹਨ। ਹਾਦਸੇ ’ਚ ਵਰਤੇ ਇਸ ਕਹਿਰ ਤੋਂ ਬਾਅਦ ਇਲਾਕੇ ’ਚ ਮਹੌਲ ਗਮਗੀਨ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੰਜੇ ਨੌਜਵਾਨ ਸਵਿਫਟ ਕਾਰ (ਪੀਬੀ 31-ਐਨ-4414) ’ਚ ਸਵਾਰ ਹੋਕੇ ਰਾਮਪੁਰਾ ਤੋਂ ਮੌੜ ਮੰਡੀ ਵੱਲ ਆ ਰਹੇ ਹਨੇ। ਜਦੋਂ ਸਵਿਫਟ ਪਿੰਡ ਰਾਮਨਗਰ ਕੋਲ ਪੁੱਜੀ ਤਾਂ ਇਸੇ ਦੌਰਾਨ ਕਾਰ ਅਤੇ ਇੱਕ ਤੇਲ ਟੈਂਕਰ ਵਿਚਕਾਰ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਅਗਲੇ ਹਿੱਸੇ ਦੇ ਪਰਖਚੇ ਉੱਡ ਗਏ।
ਨਜ਼ਦੀਕ ਖੇਤਾਂ ’ਚ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਉਨਾਂ ਨੇ ਜੋਰਦਾਰ ਧਮਾਕਾ ਸੁਣਿਆ ਹੈ। ਇਸ ਦਰਦਨਾਕ ਹਾਦਸੇ ਦੌਰਾਨ ਤਲਵੰਡੀ ਸਾਬੋ ਹਲਕੇ ਦੇ ਪਿੰਡ ਜੱਜਲ ਨਾਲ ਸਬੰਧਤ ਹਰਮਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਅਰਮਾਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਪੁੱਤਰ ਰਾਜਵਿੰਦਰ ਸਿੰਘ ਤੋਂ ਇਲਾਵਾ ਦਿਨੇਸ਼ਵਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੋਗੇਵਾਲਾ ਤੇ ਮਨਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਮਹਿਮਾ ਸਿੰਘ ਵਾਸੀ ਮਲਕਾਣਾ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਹਾਦਸੇ ’ਚ ਸੁਖਦੀਪ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਜੱਜਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪਹਿਲਾਂ ਇਲਾਜ਼ ਲਈ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਸੀ ਜਿੱਥੋਂ ਉਸਦੀ ਗੰਭੀਰ ਹਾਲਤ ਵੇਖਦਿਆਂ ਅੱਗੇ ਰੈਫਰ ਕਰ ਦਿੱਤਾ ਹੈ।
ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਅਗਲੀ ਕਾਰਵਾਈ ਲਈ ਮੌੜ ਮੰਡੀ ਦੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾਇਆ ਗਿਆ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਮੌੜ ਰਛਪਾਲ ਸਿੰਘ ਅਤੇ ਥਾਣਾ ਮੁਖੀ ਮੌੜ ਹਰਬੰਸ ਸਿੰਘ ਨੇ ਮੌਕੇ ’ਤੇ ਜਾ ਕੇ ਘਟਨਾ ਦਾ ਜਾਇਜ਼ਾ। ਲਿਆ ਥਾਣਾ ਮੌੜ ਪੁਲਿਸ ਨੇ ਇਸ ਮਾਮਲੇ ’ਚ ਦਰਸ਼ਨ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਬੁਰਜ ਹਰੀ ਦੇ ਬਿਆਨਾਂ ਦੇ ਆਧਾਰ ’ਤੇ ਟਰਾਲਾ ਚਾਲਕ ਸਤਨਾਮ ਸਿੰਘ ਉਰਫ ਨਿੱਕਾ ਪੁੱਤਰ ਬਾਬੂ ਸਿੰਘ ਵਾਸੀ ਧਰਮਗੜ ਜ਼ਿਲਾ ਸੰਗਰੂਰ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਟਰਾਲਾ ਚਾਲਕ ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਨੂੰ ਗਿ੍ਰਫਤਾਰ ਕਰਨ ਲਈ ਪੁਲਿਸ ਨੇ ਯਤਨ ਸ਼ੁਰੂ ਕਰ ਦਿੱਤੇ ਹਨ।