ਅਸ਼ੋਕ ਵਰਮਾ
ਬਠਿੰਡਾ,7ਜੁਲਾਈ । ਪੰੰੰਜਾਬ ਦੀਆਂ ਦੋ ਇਨਕਲਾਬੀ ਜੱਥੇਬੰਦੀਆਂ ਲੋਕ ਸੰਗਰਾਮ ਮੰਚ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਨੇ ਇੱਕ ਹੋਣ ਦਾ ਫੈਸਲਾ ਕਰਕੇ ਹੁਣ ਨਵੀਂ ਜੱਥੇਬੰਦੀ ‘ਲੋਕ ਸੰਗਰਾਮ ਮੋਰਚਾ, ਪੰਜਾਬ (ਆਰ.ਡੀ.ਐੱਫ.)’ ਬਣਾ ਲਈ ਹੈ। ਇਸ ਨਵੀਂ ਜੱਥੇਬੰਦੀ ਦੇ ਹੋਂਦ ’ਚ ਆਉਣ ਤੋਂ ਪਹਿਲਾਂ ਦੋਵਾਂ ਜਥੇਬੰਦੀਆਂ ਦੀ ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਬਲਵੰਤ ਮਖੂ, ਸੁਰਿੰਦਰ ਕੌਰ ਢੁਡੀਕੇ, ਸੁਖਵਿੰਦਰ ਕੌਰ, ਲੋਕ ਰਾਜ ਮਹਿਰਾਜ, ਰਾਜੇਸ਼ ਮਲਹੋਤਰਾ ਅਤੇ ਪਰਮਜੀਤ ਸਿੰਘ ਜੀਰਾ ਦੀ ਪ੍ਰਧਾਨਗੀ ਮੰਡਲ ਹੇਠ ਏਕਤਾ ਮੀਟਿੰਗ ਕੀਤੀ ਜਿਸ ’ਚ ਤਾਜਾ ਹਾਲਾਤਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਾਮਰੇਡ ਸੁਖਵਿੰਦਰ ਕੌਰ ਅਤੇ ਰਾਜੇਸ਼ ਮਲਹੋਤਰਾ ਨੇ ਏਕਤਾ ਦੇ ਸਬੰਧ ਵਿੱਚ ਮੀਟਿੰਗ ’ਚ ਅੱਜ ਦੇ ਹਾਲਤਾਂ ਅੰਦਰ ਹੋ ਰਹੀ ਏਕਤਾ ’ਤੇ ਚਾਨਣਾ ਪਾਇਆ।
ਉਨਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਦੇਸ਼ ਅੰਦਰ ਮੋਦੀ ਹਕੂਮਤ ਅਤੇ ਫਾਸ਼ੀ ਹਿੰਦੂਤਵੀ ਹਮਲੇ ਖਿਲਾਫ ਪੰਜਾਬ ਦੇ ਇਤਿਹਾਸ ਅੰਦਰ ਹੋਰ ਵੀ ਵੱਡੀ ਏਕਤਾ ਦਾ ਰਾਹ ਖੋਲਣ ’ਚ ਸਹਾਈ ਹੋਵੇਗਾ। ਇਸ ਮੌਕੇ ਸਾਥੀ ਤਾਰਾ ਸਿੰਘ ਮੋਗਾ ਵੱਲੋਂ ਏਕਤਾ ਮਤਾ ਪੇਸ਼ ਕੀਤਾ ਗਿਆ ਅਤੇ ਇਸ ਮੌਕੇ ਜਥੇਬੰਦੀ ਦਾ ਨਾ ‘‘ਲੋਕ ਸੰਗਰਾਮ ਮੋਰਚਾ, ਪੰਜਾਬ (ਆਰ.ਡੀ.ਐੱਫ.)’’ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ। ਸਾਥੀ ਸਤਵੰਤ ਸਿੰਘ ਵਜੀਦਪੁਰ ਨੇ ਇਸ ਏਕਤਾ ਦੀ ਮਹੱਤਤਾ ਬਾਰੇ ਦੱਸਿਆ ਕਿ ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਇੱਕ ਮਜਬੂਤ ਅਤੇ ਵਿਸ਼ਾਲ ਇਨਕਲਾਬੀ ਸੰਘਰਸ਼ ਦੀ ਜਰੂਰਤ ਹੈ। ਉਨਾਂ ਕਿਹਾ ਕਿ ਅੱਜ ਮਜ਼ਦੂਰਾਂ, ਕਿਸਾਨਾਂ ਸਮੇਤ ਹੋਰ ਮਿਹਨਕਸ਼ ਲੋਕਾਂ ਸਮੇਤ ਆਦਿਵਾਸੀਆਂ, ਕੌਮੀਅਤਾਂ ਤੇ ਧਾਰਮਿਕ ਘੱਟ-ਗਿਣਤੀਆਂ ਤੇ ਮੁਸਲਮਾਨਾਂ ਤੇ ਸਮਾਜਿਕ,ਆਰਥਿਕ ਅਤੇ ਸਿਆਸੀ ਜਬਰ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਇੱਕ ਵੱਡੀ ਵਿਸ਼ਾਲ ਏਕਤਾ ਵੱਲ ਅੱਗੇ ਵਧਿਆ ਜਾਵੇ। ਉਨਾਂ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਦੀ ਏਕਤਾ ਨੂੰ ਇਸੇ ਕੜੀ ਦਾ ਹਿੱਸਾ ਕਰਾਰ ਦਿੱਤਾ। ਉਨਾਂ ਆਖਿਆ ਕਿ ਇਸ ਵੇਲੇ ਜੋ ਵੀ ਅਵਾਜ ਸਰਕਾਰਾਂ ਖਿਲਾਫ ਉੱਠਦੀ ਹੈ ਉਸ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਰਾਹੀਂ ਦਬਾਇਆ ਜਾ ਰਿਹਾ ਹੈ ਅਤੇ ਇੰਨਾਂ ਕਾਲੇ ਕਾਨੂੰਨਾਂ ਖਿਲਾਫ ਬੋਲਣ ਵਾਲੇ ’ਦੇਸ਼ ਧ੍ਰੋਹੀ ਕਰਾਰ ਦਿੱਤੇ ਜਾ ਰਹੇ ਹਨ ਇਸ ਲਈ ਅਜਿਹੇ ਸਮੇਂ ਦੋਵਾਂ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਪੰਜਾਬ ਅੰਦਰ ਇੱਕ ਇਤਿਹਾਸਕ ਕਦਮ ਹੈ। ਇਸ ਮੌਕੇ ਚਾਰੂ ਮਜ਼ੂਮਦਾਰ, ਬਾਬਾ ਬੂਝਾ ਸਿੰਘ, ਗੁਰਬੰਤਾ ਸਿੰਘ, ਸਰਵਣ ਸਿੰਘ, ਪਿ੍ਰਥੀਪਾਲ ਸਿੰਘ ਅਤੇ ਅਵਤਾਰ ਸਿੰਘ ਢੁਡੀਕੇ ਆਦਿ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਜੱਥੇਬੰਦੀ ਦੀ ਚੋਣ ਕੀਤੀ ਗਈ
ਇਸ ਮੌਕੇ ਤਾਰਾ ਸਿੰਘ ਮੋਗਾ ਨੂੰ ਪ੍ਰਧਾਨ, ਰਾਜੇਸ਼ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ,ਬਲਵੰਤ ਮਹਿਰਾਜ ਮੀਤ ਪ੍ਰਧਾਨ, ਸਤਵੰਤ ਸਿੰਘ ਵਜੀਦਪੁਰ ਜਨਰਲ ਸਕੱਤਰ , ਸੁਖਵਿੰਦਰ ਕੌਰ ਨੂੰ ਸਕੱਤਰ, ਦਲਵਿੰਦਰ ਸਿਘ ਸ਼ੇਰ ਖਾਂ ਸਹਾਇਕ ਸਕੱਤਰ , ਲੋਕ ਰਾਜ ਮਹਿਰਾਜ ਪ੍ਰਚਾਰ (ਪ੍ਰੈੱਸ) ਸਕੱਤਰ ,ਪਰਮਜੀਤ ਜੀਰਾ ਪ੍ਰਚਾਰ ਸਕੱਤਰ ਅਤੇ ਮਾਸਟਰ ਦਰਸ਼ਨ ਸਿੰਘ ਤੂਰ ਨੂੰ ਵਿੱਤ ਸਕੱਤਰ ਬਣਾਇਆ ਗਿਆ।