ਅਸ਼ੋਕ ਵਰਮਾ
ਬਠਿੰਡਾ,7ਜੁਲਾਈ । ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ (ਡੀ. ਐਮ. ਐਫ. )ਦੇ ਸੱਦੇ ਤੇ ਅੱਜ ਜਿਲਾ ਬਠਿੰਡਾ ਇਕਾਈ ਨੇ ਜਿਲਾ ਕਨਵੀਨਰ ਸਿਕੰਦਰ ਧਾਲੀਵਾਲ ਅਤੇ ਕੋ ਕਨਵੀਨਰ ਬਲਰਾਜ ਮੌੜ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ । ਇਸ ਮੌਕੇ ਆਗੂ ਅਰਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆਂ ਵਾਜਬ ਅਤੇ ਜਾਇਜ਼ ਮੰਗਾਂ ਪ੍ਰਤੀ ਚੁੱਪ ਧਾਰੀ ਹੋਈ ਹੈ ਅਤੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਥਾਂ ਇਸ ਨੂੰ 31 ਦਸੰਬਰ ਤੱਕ ਅੱਗੇ ਪਾ ਦਿੱਤਾ ਹੈ। ਦੱਸਣਯੋਗ ਹੈ ਕਿ ਮੁਲਾਜਮਾਂ ਦਾ ਪੇ ਕਮਿਸ਼ਨ ਜਨਵਰੀ 2020 ਤੋਂ ਪੈਂਡਿੰਗ ਪਿਆ ਹੈ , ਡੀ.ਏ. ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਅਤੇ 158 ਮਹੀਨਿਆਂ ਦਾ ਮੁਲਾਜ਼ਮਾਂ ਦਾ ਡੀ ਏ ਬਕਾਇਆ ਪਿਆ ਹੈ। ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਪ੍ਰਣਾਲੀ ਤੋਂ ਬਾਹਰ ਕੀਤਾ ਹੋਇਆ ਹੈ। ਇੱਕ ਮਾਰਚ 2020 ਤੋਂ ਉਜਰਤਾਂ ਦੇ ਮਾਮੂਲੀ ਵਾਧੇ ਵਾਲਾ ਪੱਤਰ ਵੀਂ ਰੱਦ ਕਰ ਦਿੱਤਾ ਗਿਆ ਹੈ।ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਜੰਗਲਾਤ ਵਰਕਰ ਤਾਂ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ ।
ਆਸ਼ਾ ਵਰਕਰਜ਼ ਯੂਨੀਅਨ ਦੀ ਜਿਲਾ ਕਨਵੀਨਰ ਸੁਰੰਜਨਾ ਰਾਣੀ ਅਤੇ ਕੁਲਦੀਪ ਨੇ ਕਿਹਾ ਕਿ ਆਸਾ ਵਰਕਰਜ਼ , ਫੈਸੀਲੀਟੇਟਰ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਬਹੁਤ ਹੀ ਨਿਗੂਣੇ ਭੱਤੇ ਦਿੱਤੇ ਜਾ ਰਹੇ ਹਨ । ਉਨਾਂ ਦੱਸਿਆ ਕਿ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਕੋਵਿਡ -19 ਵਿਰੁੱਧ ਲੜਾਈ ਲੜ ਰਹੀਆ ਹਨ ਪਰ ਉਨਾਂ ਨੂੰ ਘਰ ਘਰ ਸਰਵੇ ਦੇ ਸਿਰਫ ਚਾਰ ਰੁਪਏ ਹੀ ਦਿੱਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਲੜੀ ਵਜੋਂ ਬਠਿੰਡਾ ਥਰਮਲ ਪਲਾਂਟ ਬੰਦ ਕੀਤਾ ਜਾ ਰਿਹਾ ਹੈ । ਆਗੂਆਂ ਨੇ ਸਰਕਾਰ ਤੋਂ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਰਿਲੀਜ਼,ਡੀਏ ਦੇ ਬਕਾਏ ਜਾਰੀ ,ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ,ਇੱਕ ਮਾਰਚ ਦਾ ਪੱਤਰ ਮੁੜ ਜਾਰੀ ਕਰਨ ,ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਕੱਚੇ ਮੁਲਾਜਮ ਪੱਕੇ ਕਰਨ ਅਤੇ ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਹੇਠ ਲਿਆਉਣ ਸਮੇਤ ਮੰਗ ਪੱਤਰ ਵਿੱਚ ਦਰਜ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ।ਇਸ ਮੌਕੇ ਪਿਆਰੇ ਲਾਲ, ਅੰਮਿ੍ਰਤਪਾਲ ਸਿੰਘ, ਅਮਰਦੀਪ ਸਿੰਘ,ਅਵਤਾਰ ਸਿੰਘ ,ਨਿਸ਼ਾ,ਮੰਜੂ, ਰਾਜੂ, ਹਰਪ੍ਰੀਤ, ਸਵਿਤਾ, ਸੁਖਵਿੰਦਰ ਕੌਰ , ਵੀਰਪਾਲ ਕੌਰ , ਰਾਜ ਕਲੀ ਅਤੇ ਰੀਨਾ ਆਦਿ ਹਾਜਰ ਸਨ ।