ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨਵੀ ਰਾਸ਼ਟਰੀ ਸਿਹਤ ਸੇਵਾਵਾਂ ਦੇ 72ਵੇਂ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਅੱਜ ਸ਼ਾਮ 5ਵਜੇ ਦੇਸ਼ ਭਰ ਵਿੱਚ ਲੋਕਾਂ ਵੱਲੋਂ ਆਪਣੇ ਘਰਾਂ ‘ਚੋਂ ਬਾਹਰ ਨਿਕਲ ਕੇ ਤਾੜੀਆਂ ਵਜਾ ਕੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ 10 ਹਫ਼ਤੇ ਲੋਕਾਂ ਵੱਲੋਂ ਸ਼ਾਮ ਅੱਠ ਵਜੇ ਧੰਨਵਾਦ ਵਜੋਂ ਤਾੜੀਆਂ ਵਜਾਈਆਂ ਜਾਂਦੀਆਂ ਰਹੀਆਂ ਸਨ। ਰਾਸ਼ਟਰੀ ਸਿਹਤ ਸੇਵਾਵਾਂ ਵਿਭਾਗ ਦੇ 72 ਸਾਲਾਂ ਵਿੱਚ ਚੱਲ ਰਿਹਾ ਸਾਲ ਸਭ ਤੋਂ ਭਿਆਨਕ ਕਿਹਾ ਜਾ ਸਕਦਾ ਹੈ, ਜਿਸ ਵਿੱਚ ਸੇਵਾ ਕਰਦਿਆਂ 300 ਤੋਂ ਵਧੇਰੇ ਸਿਹਤ ਕਾਮੇ ਅਤੇ ਸੋਸ਼ਲ ਕੇਅਰ ਕਾਮੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਹਨ। ਅੱਜ ਤਾੜੀਆਂ ਮਾਰ ਕੇ ਉਹਨਾਂ ਦੀ ਪਿੱਠ ਥਾਪੜਨ ਅਤੇ ਧੰਨਵਾਦ ਕਹਿਣ ਵਾਲਿਆਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਸਮੇਤ ਦੇਸ਼ ਦੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਦੇਸ਼ ਭਰ ਦੇ ਲੋਕਾਂ ਨੇ ਹਿੱਸਾ ਲਿਆ। ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਤਾੜੀਆਂ ਮਾਰ ਕੇ ਅਤੇ ਲੋਕਾਂ ਕੋਲੋਂ ਤਾੜੀਆਂ ਮਰਵਾ ਕੇ ਸਿਰਫ਼ ਸ਼ਾਬਾਸ਼ ਕਹਿ ਕੇ ਹੀ ਸਾਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਐੱਨ.ਐੱਚ.ਐੱਸ. ਕਾਮਿਆਂ ਨੂੰ ਤਾੜੀਆਂ ਨਹੀਂ ਸਗੋਂ ਤਨਖਾਹਾਂ ਵਿੱਚ ਵਾਧੇ ਦੀ ਵਧੇਰੇ ਲੋੜ ਹੈ।