22.5 C
United Kingdom
Sunday, June 21, 2026

More

    ਕਿਸਾਨ ਨਿਰਮਲ ਸਿੰਘ ਸੱਠੀ ਮੂੰਗੀ ਦੀ ਫ਼ਸਲ ਬੀਜ ਕੇ ਕਮਾ ਰਿਹਾ ਹੈ ਮੁਨਾਫ਼ਾ

    ਅਸ਼ੋਕ ਵਰਮਾ 

    ਬਠਿੰਡਾ, 5 ਜੁਲਾਈ : ਜ਼ਿਲ੍ਹੇ ਦੇ ਤਲਵੰਡੀ ਸਾਬੋ ਬਲਾਕ ਦੇ ਪਿੰਡ ਗੋਲੇਵਾਲਾ ਦਾ ਕਿਸਾਨ ਨਿਰਮਲ ਸਿੰਘ ਕਣਕ ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ ਬੀਜ ਕੇ ਆਪਣੀ ਆਮਦਨ ’ਚ ਮੁਨਾਫ਼ਾ ਕਰ ਰਿਹਾ ਹੈ। ਇਹ ਕਿਸਾਨ ਪਿਛਲੇ ਲਗਭਗ 11 ਸਾਲਾਂ ਤੋਂ ਸੱਠੀ ਮੂੰਗੀ ਦੀ ਲਗਾਤਾਰ ਕਾਸ਼ਤ ਕਰ ਰਿਹਾ ਹੈ। ਵਧੀਆ ਮੁਨਾਫੇ ਨੂੰ ਵੇਖਦੇ ਹੋਏ ਇਸ ਸਾਲ ਉਸ ਵਲੋਂ 11 ਏਕੜ ਮੂੰਗੀ ਦੀ ਫ਼ਸਲ ਬੀਜੀ ਗਈ ਹੈ।

              ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਝੋਨੇ ਅਤੇ ਬਾਸਮਤੀ ਤੋਂ ਪਹਿਲਾਂ ਸੱਠੀ ਮੂੰਗੀ ਦੀ ਕਾਸ਼ਤ ਕਰਦਾ ਹੈ। ਇਸ ਨਾਲ ਜਿੱਥੇ ਇਕ ਵਾਧੂ ਫ਼ਸਲ ਰਾਹੀਂ ਉਸ ਦੀ ਆਮਦਨ ਵਿਚ ਵਾਧਾ ਹੁੰਦਾ ਹੈ, ਉੱਥੇ ਹੀ ਮੂੰਗੀ ਦੀ ਫ਼ਸਲ ਆਪਣੀਆਂ ਜੜ੍ਹਾਂ ਦੇ ਕੁਦਰਤੀ ਗੁਣ ਕਾਰਨ ਜ਼ਮੀਨ ਵਿਚ ਨਾਈਟ੍ਰੋਜ਼ਨ ਫਿਕਸੇਸ਼ਨ ਰਾਹੀਂ ਜ਼ਮੀਨ ਵਿਚ ਨਾਈਟ੍ਰੋਜ਼ਨ ਖਾਦ ਦੀ ਮਾਤਰਾ ਵਧਾਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਗਲੀ ਫ਼ਸਲ ਨੂੰ ਘੱਟ ਨਾਈਟ੍ਰੋਜ਼ਨ ਖਾਦ ਭਾਵ ਘੱਟ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਘੱਟ ਲਾਗਤ ਨਾਲ ਜਿੱਥੇ ਕਿਸਾਨ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਨ ਉੱਥੇ ਹੀ ਘੱਟ ਰਸਾਇਣਕ ਖਾਦਾਂ ਵਾਲੀ ਉਪਜ ਦਾ ਵੀ ਕਿਸਾਨ ਨੂੰ ਚੰਗਾ ਮੁੱਲ ਮਿਲ ਸਕਦਾ ਹੈ।

              ਨਿਰਮਲ ਸਿੰਘ ਕਹਿੰਦਾ ਹੈ ਕਿ ਉਸ ਵੱਲੋਂ ਦਾਲਾਂ ਨੂੰ ਫ਼ਸਲੀ ਚੱਕਰ ਦਾ ਹਿੱਸਾ ਬਣਾਉਣ ਨਾਲ ਉਸਦੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਖੇਤ ਵਿਚ ਮੂੰਗੀ ਦੀ ਫ਼ਸਲ ਬੀਜੀ ਜਾਂਦੀ ਹੈ ਉਸ ਖੇਤ ਵਿਚ ਬਾਸਮਤੀ ਝੋਨਾ ਲਗਭਗ 20 ਜੁਲਾਈ ਤੋਂ ਬਾਅਦ ਹੀ ਲਗਾਇਆ ਜਾਂਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਦੁਰਵਰਤੋਂ ਨਹੀਂ ਹੁੰਦੀ, ਉੱਥੇ ਬਿਜਲੀ ਦੀ ਵੀ ਬੱਚਤ ਹੁੰਦੀ ਹੈੇ।

               ਮੁੱਖ ਖੇਤੀਬਾੜੀ ਅਫ਼ਸਰ ਡਾ.ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ  ਜ਼ਿਲ੍ਹੇ ’ਚ ਲਗਭਗ 2200 ਏਕੜ ਤੋਂ ਵੱਧ ਰਕਬਾ ਸੱਠੀ ਮੂੰਗੀ ਹੇਠ ਲਿਆ ਕੇ ਖੇਤੀਬਾੜੀ ਵਿਭਾਗ ਜ਼ਿਲ੍ਹੇ ’ਚ ਫ਼ਸਲੀ ਵਿਭਿੰਨਤਾ ਨੂੰ ਉਤਸਾਹਿਤ ਕਰ ਰਿਹਾ ਹੈ।  ਇਸ ਨਾਲ ਮਿੱਟੀ ’ਚ ਨਾਈਟ੍ਰੋਜ਼ਨ ਦੀ ਮਾਤਰਾ ਵਧਾਕੇ ਉਸ ਨੂੰ ਹੋਰ ਉਪਜਾਊ ਬਣਾਉਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ 60 ਦਿਨਾਂ ਦੀ ਫ਼ਸਲ ਹੈ, ਜਿਹੜੀ ਕਿ ਕਣਕ ਅਤੇ ਝੋਨੇ ਦੇ ਵਿਚਕਾਰਲੇ ਸਮੇਂ ਦੌਰਾਨ ਬੀਜੀ ਜਾ ਸਕਦੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵੀ ਚੋਖਾ ਵਾਧਾ ਹੁੰਦਾ ਹੈ। ਇਸ  ਦਾ ਔਸਤਨ ਝਾੜ 4 ਤੋਂ 5 ਕੁਇੰਟਲ ਤੱਕ ਪ੍ਰਤੀ ਏਕੜ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ’ਚ ਵਧਦੇ ਸੱਠੀ ਮੂੰਗੀ ਦੇ ਰੁਝਾਨ ਨੂੰ ਵੇਖਦੇ ਹੋਏ ਅਗਲੇ ਸਾਲ ਇਸ ਸਾਲ ਨਾਲੋਂ ਵੀ ਜ਼ਿਆਦਾ ਰਕਬਾ ਸੱਠੀ ਮੂੰਗੀ ਹੇਠ ਲਿਆਂਦਾ ਜਾਵੇਗਾ।

              ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸੱਠੀ ਮੂੰਗੀ ਦਾ ਬੀਜ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ। ਕਣਕ ਵੱਢਣ ਉਪਰੰਤ ਗਰਮ ਰੁੱਤ ਦੀ ਮੂੰਗੀ ਬਿਨਾ ਖੇਤ ਵਾਹੇ ਵੀ ਬੀਜੀ ਜਾ ਸਕਦੀ ਹੈ। ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਜ਼ੀਰੋ ਡਰਿੱਲ ਰਾਹੀਂ ਬੀਜੀ ਜਾਵੇ।

             ਸ੍ਰੀ ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫ਼ਲੀਦਾਰ ਫ਼ਸਲ ਨਾ ਸਿਰਫ ਪੌਸ਼ਟਿਕ ਆਹਾਰ ਦਿੰਦੀ ਹੈ, ਬਲਕਿ ਮਿੱਟੀ ’ਚ ਨਾਈਟਰੋਜਨ ਦੀ ਮਾਤਰਾ ਨੂੰ ਵਧਾਕੇ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਲਾਹੇਵੰਦ ਸਾਬਤ ਹੁੰਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!