23.7 C
United Kingdom
Sunday, June 21, 2026

More

    ਕੁਦਰਤੀ ਕਰੋਪੀ ਨੇ ਕੋਰੋਨਾ ਰਾਹੀਂ ਕੀਤਾ ਮਨੁੱਖੀ ਜ਼ਿੰਦਗੀ ਦਾ ਘਾਣ

    ਪੂਰੀ ਦੁਨੀਆਂ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਲਾ-ਇਲਾਜ ਬਿਮਾਰੀ ਨਾਲ ਪੂਰਾ ਆਲਮ ਤਰਾਹ-ਤਰਾਹ ਕਰ ਉੱਠਿਆ ਹੈ। ਚੀਨ ਦੇ ਵੂਹਾਨ ਸ਼ਹਿਰ ‘ਚੋਂ ਉੱਠੀ ਇਸ ਬਿਮਾਰੀ ਦੀ ਚੰਗਿਆੜੀ ਨੇ ਪੂਰੇ ਵਿਸ਼ਵ ਨੂੰ ਆਪਣੀ ਅੱਗ ਦੀ ਲਪੇਟ ਵਿੱਚ ਲੈ ਲਿਆ ਹੈ। ਜਿਸ ਅੱਗ ਦੇ ਇਸ ਭਾਂਬੜ ਵਿੱਚ ਲੱਖਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਕਈ ਲੱਖਾਂ ਲੋਕ ਇਸ ਅੱਗ ਦੀ ਤਪਸ਼ ਵਿੱਚ ਝੁਲਸੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਕੁਝ ਬਚੇ ਹਨ ਤੇ ਅਣਗਿਣਤ ਲੋਕ ਮੌਤ ਦੀ ਲੱਗੀ ਲੰਬੀ ਕਤਾਰ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਇਸ ਵਾਇਰਸ ਨੂੰ ਫੈਲਾਉਣ ਪਿੱਛੇ ਚੀਨ ਦਾ ਅਸਲ ਮਕਸਦ ਕੀ ਸੀ? ਇਸ ਪ੍ਰਸ਼ਨ ਦਾ ਉੱਤਰ ਅਜੇ ਭਵਿੱਖ ਦੇ ਗਰਭ ਵਿੱਚ ਹੀ ਹੈ ਪਰ ਸੱਚ ਇਹ ਹੈ ਕਿ ਜਿਹੜੀ ਗਲਤੀ ਅਚੇਤ ਜਾਂ ਸੁਚੇਤ ਰੂਪ ਵਿੱਚ ਇਸ ਦੇਸ਼ ਨੇ ਕੀਤੀ ਹੈ, ਸਦੀਆਂ ਤੱਕ ਇਸ ਦਾ ਖ਼ਮਿਆਜ਼ਾ ਕੁਦਰਤ ਦੀ ਕਰੋਪੀ ਕਿਸੇ ਨਾ ਕਿਸੇ ਰੂਪ ਵਿੱਚ ਭੁਗਤਾਉਂਦੀ ਰਹੇਗੀ।
    ਸ਼ੁਰੂ ਵਿੱਚ ਜਿਹੜੀ ਤਬਾਹੀ ਇਸ ਬਿਮਾਰੀ ਨੇ ਚੀਨ ਵਿੱਚ ਮਚਾਈ, ਚੀਨੀ ਮੀਡੀਆ ਦੀਆਂ ਰਿਪੋਰਟਾਂ ਤੋਂ ਅੰਕੜੇ ਸੈਂਕੜੇ ਗੁਣਾ ਵੱਧ ਹਨ। ਖੂਫ਼ੀਆ ਜਾਣਕਾਰਾਂ ਅਨੁਸਾਰ ਉਸ ਵਕਤ ਦੀ ਅਸਲ ਤਸਵੀਰ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਸਾਹਮਣੇ ਆ ਜਾਵੇਗੀ।
    ਚੀਨ ਤੋਂ ਬਾਅਦ ਇਸ ਵਾਇਰਸ ਨੇ ਸਭ ਤੋਂ ਪਹਿਲਾਂ ਇਟਲੀ, ਫਰਾਂਸ, ਸਪੇਨ, ਯੂ.ਕੇ., ਦੱਖਣੀ ਕੋਰੀਆ ਤੇ ਇਰਾਨ ਵਰਗੇ ਦੇਸ਼ਾਂ ਨੂੰ ਹੱਥ ਪਾਇਆ। ਹੱਥ ਪਾਇਆ ਵੀ ਏਨੀ ਤੇਜ਼ੀ ਨਾਲ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੰਭਲ ਜਾਣ ਦਾ ਮੌਕਾ ਹੀ ਨਾ ਦਿੱਤਾ ਤੇ ਨਤੀਜਾ ਇਹ ਨਿਕਲਿਆ ਕਿ ਦੇਖਦੇ ਹੀ ਦੇਖਦੇ ਤੁਰਦੀ-ਫਿਰਦੀ ਜ਼ਿੰਦਗੀ ਲਾਸ਼ਾਂ ਦੇ ਢੇਰਾਂ ਵਿੱਚ ਬਦਲਣ ਲੱਗੀ। ਸੜਕਾਂ, ਬਾਜ਼ਾਰ, ਗਲੀਆਂ, ਮੁਹੱਲੇ ਲੋਕਾਂ ਲਈ ਮੌਤ-ਗਾਹ ਬਣਨ ਲੱਗੇ। ਜਿੱਧਰ ਦੇਖੋ, ਲਾਸ਼ਾਂ ਹੀ ਲਾਸ਼ਾਂ।
    ਦੁਨੀਆਂ ਵਿੱਚ ਹਾਹਾਕਾਰ ਮੱਚ ਉੱਠੀ। ਕਰੋਪੀ ਦਾ ਆਲਮ ਇਹ ਸੀ ਕਿ ਇਟਲੀ ਦੇ ਸ਼ਹਿਰਾਂ, ਪਿੰਡਾਂ, ਕਸਬਿਆਂ ਵਿੱਚ ਮੌਤ ਨੇ ਅਜਿਹਾ ਭਿਆਨਕ ‘ਤੇ ਨੰਗਾ ਤਾਂਡਵ ਨਾਚ ਨੱਚਿਆ ਕਿ ਲਾਸ਼ਾਂ ਦੀ ਢੋਆ-ਢੁਆਈ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਫੌਜੀ ਟਰੱਕਾਂ ਦੀ ਵਰਤੋਂ ਕਰਨੀ ਪਈ। ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਉੱਥੇ ਹਾਲਾਤ ਕੀ ਬਣੇ ਹੋਣਗੇ। ਜਦ ਦੇਸ਼ ਦਾ ਪ੍ਰਧਾਨ ਮੰਤਰੀ ਮੀਡੀਆ ਸਾਹਮਣੇ ਕੁਰਲਾ ਉੱਠਿਆ, ਰੋ-ਰੋ ਕੇ ਕਹਿ ਰਿਹਾ ਸੀ ਕਿ, ”ਮੈਂ ਬਦਕਿਸਮਤ ਹਾਂ, ਜਿਹੜਾ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾ ਨਹੀਂ ਸਕਿਆ….।”
    ਅਜਿਹੀਆਂ ਹੀ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਤੇ ਤਸਵੀਰਾਂ ਹੋਰ ਦੇਸ਼ਾਂ ਸਪੇਨ, ਫਰਾਂਸ, ਯੂ.ਕੇ., ਈਰਾਨ ਤੇ ਦੱਖਣੀ ਕੋਰੀਆ ਤੋਂ ਵੀ ਆਉਣ ਲੱਗੀਆਂ। ਇਹ ਸਮਾਂ ਸੀ ਜਦੋਂ ਪੂਰੇ ਦੇਸ਼ ਲਾਕ-ਡਾਊਟ ਕਰਕੇ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਹਵਾਈ ਮਾਰਗ ਬੰਦ ਕਰ ਦਿੱਤੇ ਜਾਂਦੇ ਪਰ ਕੀਤੇ ਉਦੋਂ, ਜਦੋਂ ਇਸ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਲਏ ਸਨ। ਸਮਾਂ ਕਾਫ਼ੀ ਹੱਥੋਂ ਨਿਕਲ ਚੁੱਕਾ ਸੀ।
    ਅੱਜ ਹਰੇਕ ਦੇਸ਼ ਆਪਣੇ-ਆਪਣੇ ਤਰੀਕਿਆਂ ਨਾਲ ਆਪਣੇ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਕੋਈ ਦੇਸ਼ ਦੀ ਜਨਤਾ ‘ਤੇ ਅਹਿਸਾਨ ਨਹੀਂ ਕਰ ਰਹੇ। ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਹਰੇਕ ਦੇਸ਼ ਤੇ ਸੂਬੇ ਦੀਆਂ ਸਰਕਾਰਾਂ ਨੂੰ ਇਹ ਭਲੀ-ਭਾਂਤ ਗਿਆਨ ਹੁੰਦਾ ਹੈ ਕਿ ਦੇਸ਼ ਦੇ ਨਾਗਰਿਕ ਹੀ ਸਰਕਾਰਾਂ ਦੀ ਜਨਮ-ਭੂਮੀ ਹੁੰਦੇ ਹਨ ਪਰ ਇਸ ਤੋਂ ਵੀ ਕਿਤੇ ਵੱਧ ਇਨ੍ਹਾਂ ਸਿਆਸਤਦਾਨਾਂ ਨੂੰ ਗਿਆਨ ਹੁੰਦਾ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਕਿਵੇਂ ਉੱਲੂ ਬਣਾਉਣਾ ਹੁੰਦਾ ਹੈ।
    ਇਸ ਵਾਇਰਸ ਨੇ ਪੂਰੀ ਦੁਨੀਆਂ ਦਾ ਜਾਨੀ ਤੇ ਮਾਲੀ ਨੁਕਸਾਨ ਬੇਹੱਦ ਕੀਤਾ ਤੇ ਅਜੇ ਕਰ ਰਿਹਾ ਹੈ। ਅਮਰੀਕਾ ਵਰਗੇ ਦੁਨੀਆਂ ਦੀ ਸੁਪਰ-ਪਾਵਰ ਦੇਸ਼ ਜਿੱਥੇ ਇਟਲੀ ਨਾਲੋਂ ਕਿਤੇ ਵੱਧ ਜਾਨੀ ਨੁਕਸਾਨ ਹੋਇਆ ਹੈ, ਪੂਰੀ ਦੁਨੀਆਂ ਨੂੰ ਅੱਖਾਂ ਦਿਖਾਉਣ ਵਾਲਾ ਇਹ ਦੇਸ਼ ਵੀ ਇਸ ਕਰੋਪੀ ਤੋਂ ਨਹੀਂ ਬਚ ਸਕਿਆ। ਕੁਦਰਤ ਨੂੰ ਟਿੱਚ ਜਾਣਨ ਵਾਲੇ ਇਹ ਲੋਕ ਆਪਣੀ ਜਾਨ ਬਚਾਉਣ ਲਈ ਆਪਣੇ-ਆਪ ਨੂੰ ਉਹਦੇ (ਅਕਾਲ ਪੁਰਖ) ਦੇ ਰਹਿਮ-ਓ-ਕਰਮ ‘ਤੇ ਛੱਡ ਜੋਦੜੀਆਂ-ਅਰਦਾਸਾਂ ਕਰ ਰਹੇ ਹਨ। ਸਮਝ ਲੈਣਾ ਚਾਹੀਦਾ ਹੈ ਕਿ ਜਦ ਸਿਰਜਣਹਾਰ ਨਾਲ ਚਲਾਕੀਆਂ ਕਰੋਗੇ ਤਾਂ ਉਹਦੀ ਕਰੋਪੀ ਦਾ ਸ਼ਿਕਾਰ ਬਣਨ ਲਈ ਵੀ ਤਿਆਰ ਰਹਿਣਾ ਪਵੇਗਾ।
    ਆਫ਼ਤ ਕੁਦਰਤੀ ਕਰੋਪੀ ਹੁੰਦੀ ਹੈ। ਇਹਦੇ ਬਾਰੇ ਨਹੀਂ ਪਤਾ ਲਗਦਾ ਪਰ ਜਦ ਆਫ਼ਤ ਆ ਗਈ, ਉਹਨੂੰ ਰੋਕਣ ਲਈ ਫੈਸਲੇ ਸਰਕਾਰ ਨੇ ਕਰਨੇ ਹੁੰਦੇ ਹਨ। ਜਿਵੇਂ ਉਸ ਟਾਇਮ ਭਾਰਤ ਦੀ ਕੇਂਦਰੀ ਸਰਕਾਰ ਨੇ ਪੂਰੇ ਦੇਸ਼ ਨੂੰ ਲਾਕ-ਡਾਊਨ ਕਰਕੇ ਇਸ ਬਿਮਾਰੀ ਨੂੰ ਰੋਕਣ ਲਈ ਅਗਾਂਹਵਧੂ ਕਦਮ ਚੁੱਕੇ ਤੇ ਕਾਫ਼ੀ ਹੱਦ ਤੱਕ ਸਫ਼ਲ ਵੀ ਰਹੇ। ਮੇਰਾ ਇੱਥੇ ਲਿਖਣ ਦਾ ਇਹ ਮਤਲਬ ਨਹੀਂ ਕਿ ਭਾਰਤ ਵਿੱਚ ਬਿਮਾਰੀ ਹੈ ਨਹੀਂ, ਲੋਕ ਮਰੇ ਨਹੀਂ, ਬਿਮਾਰ ਨਹੀਂ ਹੋਏ। ਬਿਮਾਰੀ ਹੈ, ਮੌਤਾਂ ਵੀ ਹੋਈਆਂ, ਅੱਜ ਵੀ ਨਵੇਂ ਕੇਸ ਸਾਹਮਣੇ ਆ ਰਹੇ ਹਨ ਪਰ ਫਿਰ ਵੀ ਲਾਕ-ਡਾਊਨ ਕਰਨ ਨਾਲ ਆਬਾਦੀ ਦੇ ਨਜ਼ਰੀਏ ਤੋਂ ਦਰ-ਪ੍ਰਤੀਸ਼ਤ ਬਹੁਤ ਘੱਟ ਹੈ। ਇਸ ਵਿੱਚ ਵੀ ਸਾਰੀ ਜਨ-ਸੰਖਿਆ ਵੱਲੋਂ ਕੁਦਰਤ ਦਾ ਸ਼ੁਕਰ ਕਰਨਾ ਸਾਡਾ ਫ਼ਰਜ਼ ਬਣਦਾ ਹੈ।
    ਸੋ ਅਖ਼ੀਰ ਵਿੱਚ ਇਹ ਕਹਿ ਕੇ ਸਮਾਪਤ ਕਰਦੇ ਹਾਂ ਕਿ ਜਿਵੇਂ ‘ਵਿਸ਼ਵ ਸਿਹਤ ਸੰਸਥਾ’ (W8O) ਨੇ ਮੰਨਿਆ ਹੈ ਕਿ ਇਸ ਵਾਇਰਸ ਦੀ ਦਵਾਈ ਤਿਆਰ ਹੋਣ ਲਈ ਅਜੇ ਕੁੱਝ ਮਹੀਨੇ ਲੱਗਣਗੇ ਤਾਂ ਆਪਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਵਾਇਰਸ ਵੀ ਏਨੀ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ।
    ਜਿੱਥੇ ਪੂਰੇ ਵਿਸ਼ਵ ਦਾ ਜਾਨੀ ਨੁਕਸਾਨ ਬੇਹੱਦ ਹੋਇਆ, ਉੱਥੇ ਮਾਲੀ ਨੁਕਸਾਨ ਵੀ ਘਾਟੇ ਦੇ ਸਾਰੇ ਅੰਕੜੇ ਪਾਰ ਕਰ ਗਿਆ ਹੈ। ਦੁਨੀਆਂ ਦੀ ਸਥਾਨਕ ਆਵਾਜਾਈ ਤੋਂ ਲੋਕ ਕੌਮਾਂਤਰੀ ਸਰਹੱਦਾਂ ਤੇ ਕੌਮਾਂਤਰੀ ਹਵਾਈ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ। ਦੇਸ਼ਾਂ-ਵਿਦੇਸ਼ਾਂ ਵਿੱਚ ਗਏ ਯਾਤਰੂ ਥਾਂ-ਪੁਰ-ਥਾਂ ਫਸੇ ਬੈਠੇ ਹਨ। ਅੰਤਰਰਾਸ਼ਟਰੀ ਚੱਲ ਰਹੀਆਂ ਏਅਰ ਲਾਇਨਾਂ ਦੀ ਟਿਕਟ ਲੈਣ ਲਈ ਸਿਰੇ ਦੀ ਖੱਜਲ-ਖੁਆਰੀ ਤਿੰਨ-ਚਾਰ ਗੁਣਾ ਵੱਧ ਪੈਸਿਆਂ ਦਾ ਚਾਰਜ ਤੇ ਇੱਕ ਹੋਰ ਨਵਾਂ ਸਿਆਪਾ, ਜਿਹੜਾ ਏਅਰ ਲਾਇਨ ਨੇ ਖੜ੍ਹਾ ਕਰ ਦਿੱਤਾ, ਟਿਕਟ ਬੁਕ ਕਰਵਾਉਣ ਦੇ ਨਾਲ ਉਸ ਯਾਤਰੂ ਦਾ ਕੋਰੋਨਾ ਮੈਡੀਕਲ ਸਰਕਾਰੀ ਤੌਰ ‘ਤੇ ਕਲੀਅਰ ਹੋਵੇ, ਜਿਹੜੇ ਵਿਦੇਸ਼ ਵਿੱਚ ਬੈਠੇ ਟੂਰਿਸਟਾਂ ਲਈ ਇੱਕ ਹੋਰ ਮੁਸੀਬਤ ਦਾ ਘਰ ਬਣ ਗਿਆ ਹੈ। ਅੱਜ ਪੂਰਾ ਵਿਸ਼ਵ ਡਰ ਤੇ ਸਹਿਮ ਦੀ ਜ਼ਿੰਦਗੀ ਜੀਅ ਰਿਹਾ ਹੈ। ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਆਸਟ੍ਰੇਲੀਆ ਅਤੇ ਕਈ ਹੋਰ ਵੱਡੇ ਮੁਲਕ ਲਾਕ-ਡਾਊਨ ਦੀ ਮੁੜ ਤਿਆਰੀ ਵਿੱਚ ਹਨ। ਇਹ ਬੜੇ ਫ਼ਿਕਰ ਵਾਲੀ ਗੱਲ ਬਣਦੀ ਜਾ ਰਹੀ ਹੈ। ਸਰਕਾਰਾਂ ਆਪਣੇ ਢੰਗ-ਤਰੀਕਿਆਂ ਨਾਲ ਜਨਤਾ ਨੂੰ ਬਚਾਉਣ ਦੇ ਯਤਨ ਕਰ ਰਹੀਆਂ ਹਨ। ਸਾਨੂੰ ਵੀ ਇਹ ਚਾਹੀਦਾ ਹੈ ਕਿ ਸਰਕਾਰਾਂ ਦਾ ਸਹਿਯੋਗ ਦੇ ਕੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਆਪ ਤੇ ਸਾਰੇ ਸਮਾਜਿਕ ਭਾਈਚਾਰੇ ਨੂੰ ਬਚਾਉਣ ਲਈ ਪਹਿਲ-ਕਦਮੀਂ ਕਰੀਏ। ਇਸ ਵਿੱਚ ਹੀ ਸਾਡੀ ਸਭ ਦੀ ਭਲਾਈ ਹੈ।
    ਗੁਰੂ ਸਾਹਿਬ ਕਿਰਪਾ ਕਰਨ, ਇਸ ਆਈ ਮਹਾਂਮਾਰੀ ਤੋਂ ਪੂਰੀ ਲੋਕਾਈ ‘ਤੇ ਮਿਹਰ ਭਰਿਆ ਹੱਥ ਰੱਖ ਕੇ ਸਭ ‘ਤੇ ਖ਼ੁਸ਼ੀਆਂ ਦੀ ਬਖ਼ਸ਼ਿਸ਼ ਕਰਨ। ਗੁਰੂ ਘਰੋਂ ਇਹ ਹੀ ਉਮੀਦ ਰੱਖਦੇ ਹਾਂ।
    -ਰਣਜੀਤ ‘ਚੱਕ ਤਾਰੇ ਵਾਲਾ’
    ਜ਼ਿਲ੍ਹਾ ਮੋਗਾ
    82646-05441

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!