ਅਸ਼ੋਕ ਵਰਮਾ
ਬਠਿੰਡਾ, 28 ਜੂਨ:
ਬਠਿੰਡਵੀਂ ਲੋਕ ਤੇਜੀ ਨਾਲ ਕਰੋਨਾ ਖਿਲਾਫ ਇਕ ਹਥਿਆਰ ਵਜੋਂ ਉਭਰੀ ਪੰਜਾਬ ਸਰਕਾਰ ਦੀ ਮੋਬਾਇਲ ਐਪ ‘ਕੋਵਾ ਪੰਜਾਬ’ ਨੂੰ ਡਾਉਨਲੋਡ ਕਰ ਰਹੇ ਹਨ। ਨਵੇਂ ਡਾਊਨਲੋਡ ਕਰਨ ਵਾਲਿਆਂ ਵਿਚ ਜ਼ਿਲੇ ਦਾ ਹੁਣ ਸੂਬੇ ਵਿਚੋਂ 5ਵਾਂ ਰੈਂਕ ਹੋ ਗਿਆ ਹੈ ਜਦ ਕਿ ਕੁਝ ਦਿਨ ਪਹਿਲਾਂ ਬਠਿੰਡਾ ਛੇਵੇਂ ਰੈਂਕੇ ਤੇ ਸੀ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਮਿਸ਼ਨ ਫਤਿਹ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਪਿੱਛਲੇ 12 ਦਿਨ ਵਿਚ ਜ਼ਿਲੇ ਵਿਚ 3910 ਨਵੇਂ ਯੂਜਰ ਨੇ ਇਹ ਐਪ ਡਾਉਨਲੋਡ ਕਰਕੇ ਮਿਸ਼ਨ ਫਤਿਹ ਜੁਆਇਨ ਕੀਤਾ ਹੈ।
ਕੋਵਾ ਐਪ ਪੂਰੀ ਤਰਾਂ ਸੁਰੱਖਿਅਤ ਸਰਕਾਰੀ ਐਪ ਹੈ ਜਿਸ ਤੇ ਕੋਵਿਡ 19 ਸਬੰਧੀ ਹਰ ਅਧਿਕਾਰਤ ਜਾਣਕਾਰੀ ਸਰਕਾਰ ਵੱਲੋਂ ਮੁਹਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਈ ਪਾਸ ਵੀ ਜਨਰੇਟ ਕਰ ਸਕਦੇ ਹਨ। ਈ ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵਿਡੀਓ ਕਾਲ ਕਰ ਸਕਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਜਾਂ ਭੀੜ ਦੀ ਸੂਚਨਾ ਦੇ ਸਕਦੇ ਹਨ। ਇਸ ਤੋਂ ਬਿਨਾਂ ਇਸ ਐਪ ਤੇ ਲੋਕ ਆਪਣੇ ਨੇੜੇ ਦੇ ਕੋਵਿਡ ਮਰੀਜ ਤੋਂ ਦੂਰੀ ਦਾ ਵੀ ਪਤਾ ਲਗਾ ਸਕਦੇ ਹਨ। ਇਹ ਬਲੂਟੂੱਥ ਅਤੇ ਲੋਕੇਸ਼ਨ ਦੇ ਅਧਾਰ ਤੇ ਯੂਜਰ ਨੂੰ ਕੋਵਿਡ ਦੇ ਖਤਰੇ ਤੋਂ ਸੁਚੇਤ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਰਾਹੀਂ ਮਿਸ਼ਨ ਫਤਿਹ ਨਾਲ ਵੀ ਜੁੜਿਆ ਜਾ ਸਕਦਾ ਹੈ। ਇਸ ਮਿਸ਼ਨ ਜੁਆਇਨ ਕਰਨ ਤੇ ਹਰੇਕ ਯੂਜਰ ਨੂੰ ਇਕ ਰੈਫਰਲ ਕੋਡ ਮਿਲਦਾ ਹੈ ਅਤੇ ਵਿਅਕਤੀ ਇਸ ਰੈਫਰਲ ਕੋਡ ਦੇ ਹਵਾਲੇ ਨਾਲ ਹੋਰਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਵਾਉਂਦਾ ਹੈ ਤਾਂ ਉਸਨੂੰ ਪੁਆਇੰਟ ਮਿਲਦੇ ਹਨ। ਇਸ ਤਰਾਂ ਜਿਆਦਾ ਪੁਆਇੰਟ ਹਾਸਲ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਯੋਧੇ ਦਾ ਸਰਟੀਫਿਕੇਟ ਅਤੇ ਟੀ ਸ਼ਰਟ ਭੇਂਟ ਕੀਤੀ ਜਾਵੇਗੀ। ਬਠਿੰਡਾ ਜ਼ਿਲੇ ਦੇ 13 ਲੋਕ ਬਰੌਂਜ ਸਰਟੀਫਿਕੇਟ ਅਤੇ 5 ਲੋਕ ਸਿਲਵਰ ਸਰਟੀਫਿਕੇਟ ਜਿੱਤ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕੋਵਿਡ 19 ਬਿਮਾਰੀ ਸਬੰਧੀ ਹਰ ਸਹੀ ਜਾਣਕਾਰੀ ਲਈ ਆਪਣੇ ਮੋਬਾਇਲ ਤੇ ਕੋਵਾ ਐਪ ਜਰੂਰ ਡਾਉਨਲੋਡ ਕਰਨ। ਉਨਾਂ ਨੇ ਦੱਸਿਆ ਕਿ ਇਸ ਤੋਂ ਬਿਨਾਂ ਮੋਬਾਇਲ ਨੰਬਰ 94653- 39933 ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜਿਆ ਜਾ ਸਕਦਾ ਹੈ।