ਓ ਪੀ ਸੋਨੀ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ ਪੀ ਸੋਨੀ, ਜਿੱਥੇ ਕੋਵਿਡ-19 ਦੇ ਖਤਰੇ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਸਿਹਤ ਵਿਭਾਗ, ਪ੍ਰਸ਼ਾਸ਼ਨ ਅਤੇ ਪੁਲਿਸ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ, ਉਥੇ ਸ਼ਹਿਰ ਵਿਚ ਰੁਕੇ ਵਿਕਾਸ ਕੰਮ ਪੂਰੇ ਕਰਵਾਉਣ ਲਈ ਚੱਲ ਪਏ ਹਨ। ਅੱਜ ਫਿਰ ਸੋਨੀ ਨੇ ਵਾਰਡ ਨੰਬਰ 57 ਵਿਚ ਪੈਂਦਾ ਡੈਮਗੰਜ ਬਾਜ਼ਾਰ ਦੀਆਂ ਗਲੀਆਂ ਆਦਿ ਪੱਕੇ ਕਰਵਾਉਣ ਦੀ ਸ਼ੁਰੂਆਤ ਕੀਤੀ, ਜਿਸ ਉਤੇ 50 ਲੱਖ ਰੁਪਏ ਖਰਚ ਆਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚੱਲਦੇ ਸਰਕਾਰ ਵੱਲੋਂ ਲਗਾਏ ਕਰਫਿਊ ਦੌਰਾਨ ਸੋਨੀ ਆਪਣੀ ਟੀਮ ਨਾਲ ਘਰ-ਘਰ ਰਾਸ਼ਨ ਅਤੇ ਲੰਗਰ ਵੀ ਪਹੁੰਚਾਉਂਦੇ ਰਹੇ ਹਨ।
ਸੋਨੀ ਨੇ ਟੱਕ ਲਗਾ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਭਾਵੇਂ ਕੋਵਿਡ-19 ਕਾਰਨ ਸਰਕਾਰ ਅੱਗੇ ਵੀ ਕਈ ਵੱਡੀਆਂ ਚੁਣੌਤੀਆਂ ਆ ਰਹੀਆਂ ਹਨ, ਪਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਰਾਜ ਦੀ ਸੁਰੱਖਿਆ ਅਤੇ ਵਿਕਾਸ ਲਈ ਦ੍ਰਿੜ ਹਨ ਅਤੇ ਉਨਾਂ ਦੀ ਇਹ ਇੱਛਾ ਸ਼ਕਤੀ ਹੀ ਰਾਜ ਨੂੰ ਦੁਬਾਰਾ ਖੁਸ਼ਹਾਲੀ ਦੀਆਂ ਲੀਹਾਂ ਵੱਲ ਲੈ ਕੇ ਆ ਰਹੀ ਹੈ। ਉਨਾਂ ਦੱਸਿਆ ਕਿ ਅੰਦਰੂਨੀ ਸ਼ਹਿਰ ਵਿਚ ਸਮਾਰਟ ਸਿਟੀ ਤੋਂ ਇਲਾਵਾ ਵੀ ਵੱਡੇ ਕੰਮ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸਰਬਜੀਤ ਸਿੰਘ ਲਾਟੀ, ਐਸ. ਐਚ. ਓ ਸੁਖਬੀਰ ਸਿੰਘ, ਸੁਰਿੰਦਰ ਕੁਮਾਰ ਸ਼ਿੰਦਾ,ਗੁਰਨਾਮ ਸਿੰਘ ਗਾਮਾ,ਸੋਨੂੰ ਭਾਟੀਆ, ਕਸ਼ਿਸ਼ ਸ਼ਰਮਾ, ਪ੍ਰਵੇਸ਼ ਚੋਪੜਾ, ਗੁਰਬਚਨ ਸਿੰਘ ਭੋਲਾ, ਪਵਨ ਸਨੀ, ਰਾਜੀਵ ਸਿੰਘ, ਅਸ਼ਵਨੀ ਕੁਮਾਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਸਰਬਜੀਤ ਸਿੰਘ ਲਾਟੀ ਨੇ ਵਾਰਡ ਨੰਬਰ 57 ਵਿਚ ਸੋਨੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਲਈ ਧੰਨਵਾਦ ਕਰਦੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਾਨੂੰ ਆਪਣੇ ਇਲਾਕੇ ਦੇ ਵਿਕਾਸ ਲਈ ਕਦੇ ਕੋਈ ਸਮੱਸਿਆ ਨਹੀਂ ਆਈ ਤੇ ਸੋਨੀ ਨੇ ਆਵਾਜ਼ ਮਾਰ ਕੇ ਸਾਡੇ ਸਾਂਝੇ ਕੰਮ ਪੂਰੇ ਕੀਤੇ ਹਨ।