ਕੋਰੋਨਾ ਦੇ ਖਾਤਮੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕੀਤੀ ਸਮੀਖਿਆ
ਸ਼ਹਿਰ ਵਿੱਚ ਜਾਗਰੂਕਤਾ ਮੁਹਿੰਮ ਵੱਡੇ ਪੱਧਰ ਤੇ ਵਿੱਢਣ ਦਾ ਫੈਸਲਾ
ਮਲੇਰਕੋਟਲਾ 27 ਜੂਨ (ਜਮੀਲ ਜੌੜਾ)
ਦਿਨ ਪ੍ਰਤੀ ਦਿਨ ਵਧ ਰਿਹੇ ਕੋਰੋਨਾ ਕੇਸਾਂ ਕਾਰਣ ਲੋਕਾਂ ਅੰਦਰ ਜਿਥੇ ਵੱਡੇ ਪੱਧਰ ਤੇ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਓਥੇ ਹੀ ਵਿਸ਼ਵ ਸਵਾਸਥ ਸੰਗਠਨ ਅਤੇ ਸਰਕਾਰੀ ਤੰਤਰ ਵੀ ਪੂਰੀ ਤਰਾਂ ਨਾਲ ਸਤਰਕ ਦਿਖਾਈ ਦੇ ਰਿਹਾ ਹੈ। ਜਿਸਦੇ ਮੱਦੇਨਜ਼ਰ ਸਥਾਨਕ ਸਰਕਾਰੀ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਵਲੋਂ ਸ਼ਹਿਰ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਸੁਝਾਅ ਮੰਗੇ ਗਏ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦੇ ਵਜੋਂ ਡਾ. ਨਵਨੀਤ ਉਚੇਚੇ ਤੌਰ ਤੇ ਪੁਹੰਚੇ, ਇਸ ਮੌਕੇ ਉਨਾਂ ਦਿਨ ਪ੍ਰਤੀ ਦਿਨ ਕੋਰੋਨਾ ਦੇ ਵੱਧ ਰਹੇ ਕੇਸਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਲੋਕਾਂ ਤੋਂ ਇਸ ਦੇ ਖਾਤਮੇ ਲਈ ਮੁਕੰਮਲ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ (WHO) ਤੇ ਸਰਕਾਰ ਦਾ ਵੱਧ ਚੜ ਕੇ ਸਾਥ ਦੇਣ ਤਾਂ ਕਿ ਕੋਰੋਨਾ ਦੇ ਮਰੀਜ਼ਾਂ ਦੀ ਤਲਾਸ਼ ਕਰਕੇ ਇਸਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ । ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਇੱਕ ਮੁਹਿੰਮ ਵਿਢੀ ਜਾਵੇਗੀ, ਜਿਸਦੇ ਤਹਿਤ ਸ਼ਹਿਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਦੂਰੀ ਬਣਾਕੇ ਰੱਖਣ, ਮਾਸਕ ਪਹਿਣਨ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਨਗੇ। ਓਥੇ ਹੀ ਸ਼ਹਿਰ ਦੇ ਵੱਖ ਵੱਖ ਚੌਂਕਾਂ ‘ਚ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮਹਾਮਾਰੀ ਤੋਂ ਬਚਾ ਦੇ ਉਪਾ ਦੱਸੇ ਜਾਣਗੇ। ਇਸ ਮੌਕੇ ਡਾ. ਜਸਵਿੰਦਰ ਸਿੰਘ ਐਸ.ਐਮ.ਓ ਮਲੇਰਕੋਟਲਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਲੋਕ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣ ਅਤੇ ਬਿਮਾਰ ਲੋਕਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਦੱਸਣ ਤਾਂ ਜੋ ਸਮੇਂ ਤੋਂ ਪਹਿਲਾਂ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਡਾ. ਮੁਹੰਮਦ ਅਖ਼ਤਰ, ਮੁਹੰਮਦ ਤਾਰਿਕ, ਸਰਦਾਰ ਦਰਬਾਰ ਸਿੰਘ (ਦੋਵੇਂ ਪੀ.ਏ. ਮੈਡਮ ਰਜ਼ੀਆ ਸੁਲਤਾਨ ਕੈਬਿਨੇਟ ਮੰਤਰੀ ਪੰਜਾਬ), ਅਬਦੁਲ ਰਸ਼ੀਦ ਖ਼ਿਲਜੀ ਚੇਅਰਮੈਨ ਹੱਜ ਕਮੇਟੀ ਪੰਜਾਬ, ਫ਼ਾਰੂਕ ਅਹਿਮਦ ਅੰਸਾਰੀ ਸਾਬਕਾ ਕੌਂਸਲਰ, ਤੋਂ ਇਲਾਵਾ ਸਰਕਾਰੀ ਹਸਪਤਾਲ ਦਾ ਸਟਾਫ ਅਤੇ ਹੋਰ ਨੁਮਾਇੰਦੇ ਖ਼ਾਸ ਤੌਰ ਤੇ ਮੌਜੂਦ ਰਹੇ। ਇਸ ਮੌਕੇ ਮੁਫ਼ਤੀ ਇਫ਼ਤਕਾ ਉਲ ਹਸਨ ਮੁਫ਼ਤੀ ਏ ਆਜ਼ਮ ਪੰਜਾਬ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਕੇ ਆਪਣੇ ਸੁਝਾਅ ਦਿੰਦਿਆ ਕਿਹਾ ਕਿ ਜਿਸ ਤਰਾਂ ਕਰਫਿਉ ਦੌਰਾਨ ਲੋਕਾਂ ਨੂੰ ਐਲਾਨ ਰਾਹੀਂ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਹੁਣ ਵੀ ਇਸੇ ਤਰਾਂ ਦੇ ਐਲਾਨਾਤ ਦਾ ਪ੍ਰਬੰਧ ਹੋਣਾ ਚਾਹੀਦਾ ਹੈ।