ਸਿਡਨੀ ਸਟੇਡੀਅਮ ‘ਚ ਹੋ ਸਕਦਾ ਫਾਈਨਲ ਮੁਕਾਬਲਾ
(ਹਰਜੀਤ ਲਸਾੜਾ, ਬ੍ਰਿਸਬੇਨ 26 ਜੂਨ)
ਇੱਥੇ ਮਜ਼ੂਦਾ ਕਿਆਸ ਆਰਾਈਆਂ ਤੋਂ ਉੱਲਟ 2023 ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਆਸਟਰੇਲੀਆ ਅਤੇ ਨਿਊਜ਼ੀਲੈਂਡ ਆਪਣੀ ਇਤਿਹਾਸਕ ਸਾਂਝੀ ਬੋਲੀ ‘ਚ 35 ਵਿੱਚੋਂ 22 ਵੋਟਾਂ ਲੈਣ ‘ਚ ਸਫਲ ਰਹੇ ਹਨ। ਗੌਰਤਲਬ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਫੀਫਾ ਮਹਿਲਾ ਵਰਲਡ ਕੱਪ ਦੀ ਮੇਜ਼ਬਾਨੀ ਇਹਨਾਂ ਦੋਨਾਂ ਮੁਲਕਾਂ ਵੱਲੋਂ (ਆਸਟਰੇਲੀਆ, ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਦਾ ਹਿੱਸਾ ਅਤੇ ਨਿਊਜ਼ੀਲੈਂਡ ਓਸ਼ੀਅਨ ਸ਼ਾਖਾ ਦਾ ਮੈਂਬਰ) ਸਾਂਝੇ ਰੂਪ ਨਿਭਾਈ ਜਾਵੇਗੀ। ਪਿਛਲੇ ਦਿਨਾਂ ਦੀ ਬੋਲੀ ‘ਚ ਜਾਪਾਨ ਅਤੇ ਬ੍ਰਾਜ਼ੀਲ ਦੇ ਬਾਹਰ ਹੋਣ ਤੋਂ ਬਾਅਦ ਕੋਲੰਬੀਆ ਦੇਸ਼ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਸੀ। ਪਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਆਪਣੀ ਸਾਂਝ ਦੇ ਜ਼ਰੀਏ ਵੱਡੇ ਪੱਧਰ ਦੇ ਸਮਾਗਮ ਦੀ ਮੇਜ਼ਬਾਨੀ ਦੇ ਦਾਅਵੇ ਨਾਲ ਅੰਤਿਮ ਨਿਰਣਾ ਆਪਣੇ ਨਾ ਕਰਵਾਇਆ। ਆਸਟਰੇਲੀਆ ਨੂੰ ਪੰਜ ਵਿਚੋਂ 4.1 ਅਤੇ ਕੋਲੰਬੀਆ ਨੇ 2.8 ਅੰਕ ਹਾਸਲ ਹੋਏ। ਜਿਕਰਯੋਗ ਹੈ ਕਿ ਕੋਲੰਬੀਆ, ਜਿਸ ਨੇ ਸਾਲ 2019 ਦੇ ਮਹਿਲਾ ਵਿਸ਼ਵ ਕੱਪ ਲਈ ਯੋਗਤਾ ਪੂਰੀ ਨਹੀਂ ਕੀਤੀ ਸੀ, ਨੂੰ ਯੂਰਪੀਅਨ ਫੁੱਟਬਾਲ ਸੰਸਥਾ ਯੂਈਐਫਏ ਦੇ ਨੌਂ ਵੋਟਰਾਂ ਵਿੱਚੋਂ ਜ਼ਿਆਦਾਤਰ ਵੋਟਾਂ ਪ੍ਰਾਪਤ ਹੋਈਆਂ। ਸਮਾਗਮ ਵਿੱਚ ਫੀਫਾ ਕੌਂਸਲ ਦੇ ਪ੍ਰਧਾਨ ਇਨਫੈਂਟਿਨੋ ਅਤੇ ਸੱਕਤਰ-ਜਨਰਲ ਫਤਮਾ ਸਾਂਬਾ ਦਿਉਫ ਸਮੌਰਾ ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੂੰ ਅਧਿਕਾਰਤ ਮੇਜ਼ਬਾਨੀ ਦਾ ਪ੍ਰਮਾਣ ਪੱਤਰ ਸੌਂਪਦੇ ਹੋਏ ਐਲਾਨ ਕੀਤਾ ਕਿ ਅਗਾਮੀ 2023 ਵਰਲਡ ਕੱਪ ਲਈ ਮਹਿਲਾ ਫੁੱਟਬਾਲ ਦੇ ਵਿਕਾਸ ‘ਤੇ ਬਹੁਤ ਸਕਾਰਾਤਮਕਤਾ ਨਾਲ ਕੰਮ ਹੋਵੇਗਾ। ਫੁੱਟਬਾਲ ਫੈਡਰੇਸ਼ਨ ਆਸਟਰੇਲੀਆ ਦੇ ਚੇਅਰਮੈਨ ਕ੍ਰਿਸ ਨਿਕੂ ਨੇ ਕਿਹਾ ਕਿ ਇਸ ਇਤਿਹਾਸਕ ਤੇ ਸਫਲਤਾਪੂਰਵਕ ਬੋਲੀ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਫੁੱਟਬਾਲ ਨੂੰ ਵਧਾਉਣ ਦਾ ਇਕ ਵਿਸ਼ਾਲ ਮੌਕਾ ਮਿਲੇਗਾ। ਨਿਊਜ਼ੀਲੈਂਡ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਜੋਹਾਨਾ ਵੁੱਡ ਨੇ ਵਾਅਦਾ ਕੀਤਾ ਕਿ ਦੋਵੇਂ ਰਾਸ਼ਟਰ ਇੱਕ ਯਾਦਗਰ ਟੂਰਨਾਮੈਂਟ ਕਰਵਾਉਣ ਲਈ ਮਿਲ ਕੇ ਕੰਮ ਕਰਨਗੇ। ਉੱਧਰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਸਿਆਂ ਤੋਂ ਫੁੱਟਬਾਲ ਅਤੇ ਖੇਡ ਉਦਯੋਗਾਂ ਲਈ ਕੋਵੀਡ -19 ਤੋਂ ਮੁੜ ਉੱਭਰਨ ਤੇ ਉਸਾਰਣ ਦਾ ਬਹੁਤ ਵੱਡਾ ਸਾਂਝਾ ਉੱਦਮ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ 2023 ਦਾ ਮਹਿਲਾ ਵਰਲਡ ਕੱਪ ਈਵੈਂਟ ਬਿਨਾਂ ਸ਼ੱਕ ਸਭ ਤੋਂ ਵੱਡਾ ਅਤੇ ਯਾਦਗਰੀ ਹੋਵੇਗਾ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਅਤੇ ਖੇਡ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਸੀ ਅਤੇ ਇਸ ਘੋਸ਼ਣਾ ਤੋਂ ਬਾਅਦ ਸਿਡਨੀ ਓਪੇਰਾ ਹਾਊਸ ‘ਤੇ ਇਸ ਖੁਸ਼ੀ ਨੂੰ ਜਹਾਜ਼ਾਂ ਦੁਆਰਾ ਚਿੰਨ੍ਹਿਤ ਕਰਕੇ ਪ੍ਰਗਟਾਇਆ ਗਿਆ।