ਅਸ਼ੋਕ ਵਰਮਾ
ਬਠਿੰਡਾ: 24 ਜੂਨ। ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਉਨਿਟੀ ਹੈਲਥ ਸੈਂਟਰ ਸੰਗਤ ਵਿਖੇ ਮਿਸ਼ਨ ਫ਼ਤਹਿ ਤਹਿਤ ਘਰ ਤੋਂ ਘਰ ਸਰਵੇ ਸ਼ੁਰੂ ਕਰਨ ਲਈ ਆਸ਼ਾ ਫਸੀਲਿਟੇਟਰ ਅਤੇ ਹੈਲਥ ਸੁਪਰਵਾਈਜ਼ਰ ਸਟਾਫ਼ ਨੂੰ ਸਿਖਲਾਈ ਦਿੱਤੀ ਗਈ। ਬਲਾਕ ਹੈਲਥ ਐਜੁਕੇਟਰ ਕਮ ਪ੍ਰੋਗਰਾਮ ਟ੍ਰੇਨਰ ਸਾਹਿਲ ਪੁਰੀ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ‘ਘਰ-ਘਰ ਨਿਗਰਾਨੀ’ ਮੁਹਿੰਮ ਤਹਿਤ ਮੋਬਾਇਲ ਐੱਪ ਰਾਹੀਂ ਬਲਾਕ ਸੰਗਤ ਦੀਆਂ ਆਸ਼ਾ ਵਰਕਰਾਂ ਵੱਲੋ ਪਿੰਡ ਪੱਧਰ ਤੱਕ ਸਮਾਰਟ ਫੋਨ ਰਾਹੀਂ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਸਿਖਲਾਈ ਮਿਲਣ ਦੇ ਨਾਲ ਹੀ ਆਸ਼ਾ ਵਰਕਰਾਂ ਵੱਲੋਂ ਸਰਵੇ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਰਵੇਖਣ ਦਾ ਮੰਤਵ 30 ਸਾਲ ਤੋਂ ਉੱਪਰ ਦੇ ਸਾਰੇ ਵਿਅਕਤੀਆਂ ਜਿੰਨਾਂ ਨੂੰ ਕੋਈ ਹੋਰ ਬਿਮਾਰੀ ਵੀ ਹੈ, ਦਾ ਡਾਟਾ ਆਨਲਾਈਨ ਇਕੱਠਾ ਕਰਨਾ ਅਤੇ ਨਾਲ ਹੀ ਹਰੇਕ ਘਰ ਦੇ ਬਾਹਰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਦੇ ਸਟਿੱਕਰ ਲਾਉਣਾ ਹੈ।
ਉਨਾਂ ਦੱਸਿਆ ਕਿ ਇਸ ਸਰਵੇਖ਼ਣ ਤਹਿਤ ਦਿਲ ਦੀ ਬਿਮਾਰੀ, ਜਿਗਰ ਦੀ ਬਿਮਾਰੀ, ਟੀ ਬੀ, ਦਮਾ, ਬਲੱਡ ਪ੍ਰੈਸ਼ਰ, ਸ਼ੂਗਰ, ਫੇਫੜਿਆਂ ਦੀ ਕੋਈ ਵੀ ਪੁਰਾਣੀ ਬਿਮਾਰੀ ਜੋ ਸਾਹ ਲੈਣ ‘ਚ ਤਕਲੀਫ਼ ਵਿਘਨ ਪਾਉਂਦੀ ਹੋਵੇ, ਦੌਰਾ, ਐਚ ਆਈ ਵੀ, ਕੈਂਸਰ ਤੇ ਗੁਰਦੇ ਨਾਲ ਸਬੰਧਤ ਗੰਭੀਰ ਬਿਮਾਰੀ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ। ਬਲਾਕ ਸੰਗਤ ਦੇ 49 ਪਿੰਡਾਂ ਵਿੱਚ ਸਰਵੇ ਕਰਨ ਲਈ 143 ਆਸ਼ਾ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਜਿਸ ਲਈ ਕਮਿਉਨਿਟੀ ਵਲੰਟੀਅਰਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਸਾਹਿਲ ਪੁਰੀ ਬੀਈਈ ਨੇ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਹਾਊਸ-ਟੂ-ਹਾਊਸ ਸਰਵੇ ਦੌਰਾਨ ਜੇਕਰ ਕੋਈ ਵੀ ਵਿਅਕਤੀ ਦੂਸਰੇ ਸ਼ਹਿਰ ਜਾਂ ਸੂਬੇ ਤੋਂ ਪਿੰਡ ਦੀ ਹੱਦ ਪਾਰ ਕਰ ਕੇ ਅੰਦਰ ਦਾਖ਼ਲ ਹੋਇਆ ਹੈ, ਤਾਂ ਉਸ ਦੀ ਤੁਰੰਤ ਪਹਿਚਾਣ ਹੋ ਸਕੇਗੀ। ਪੰਜਾਬ ਸਰਕਾਰ ਵਲੋ ਕਰੋਨਾ ਮਹਾਮਾਰੀ ਤੋ ਬਚਣ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ,ਜਿਸ ਤਹਿਤ ਲੋਕਾਂ ਨੂੰ ਇਸ ਮਹਾਮਾਰੀ ਤੋ ਬੱਚਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਮਿਸ਼ਨ ਫਤਿਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਲੋਕ ਸਿਹਤ ਵਿਭਾਗ ਦੁਆਰਾ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪੂਰੀ ਤਰਾ ਪਾਲਣਾ ਕਰਨ। ਉਹਨਾਂ ਦੱਸਿਆ ਕਿ ਫੀਲਡ ਵਿਚ ਤਾਇਨਾਤ ਟੀਮਾਂ ਬਾਹਰੋਂ ਆਏ ਵਿਅਕਤੀਆਂ ਦੀ ਸੂਚਨਾ ਸਿਹਤ ਕੇਂਦਰਾਂ ਨੂੰ ਦੇਣ ਲਈ ਵੀ ਲੋਕਾਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਵੀ ਪ੍ਰੇਰ ਰਹੀਆਂ ਹਨ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਬਾਹਰ ਦੇ ਸੂਬੇ, ਸ਼ਹਿਰ ਜਾਂ ਵਿਦੇਸ਼ ਤੋਂ ਆਏ ਵਿਅਕਤੀ ਨੂੰ 14 ਦਿਨ ਲਈ ਕੁਆਰੰਟਾਈਨ ਕੀਤਾ ਜਾਣਾ ਜ਼ਰੂਰੀ ਹੈ। ਜੇਕਰ ਲੱਛਣ ਆਉਣ ‘ਤੇ ਸੈਂਪਲ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਸ ਨੂੰ ਹਸਪਤਾਲਾਂ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਂਦਾ ਹੈ। ਓਹਨਾ ਕਿਹਾ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ, ਕੁਆਰੰਟੀਨ ਕੀਤੇ ਗਏ ਵਿਅਕਤੀਆਂ ਆਦਿ ਦੇ ਫੋਨਾਂ ‘ਤੇ ਕੋਵਾ ਐਪ ਡਾਊਨਲੋਡ ਕਰਨਾ ਯਕੀਨੀ ਬਣਾਇਆ ਗਿਆ ਹੈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਓਮ ਪ੍ਰਕਾਸ਼, ਸੁਖਰਾਜ ਸਿੰਘ, ਪਰਮਜੀਤ ਕੌਰ, ਅਮਰਜੀਤ ਕੌਰ ਅਤੇ ਕੁਸਮ ਲਤਾ ਤੋਂ ਇਲਾਵਾ ਸਮੂਹ ਆਸ਼ਾ ਫੈਸੀਲਿਟੇਟਰ ਹਾਜ਼ਰ ਸਨ।